ਮੈਲਬੌਰਨ (ਏਪੀ) : ਜਾਪਾਨ ਦੇ ਲਾਂਭੇ ਹੋਣ ਤੋਂ ਬਾਅਦ ਆਸਟ੍ਰੇਲੀਆ ਤੇ ਨਿਊਜ਼ੀਲੈਂਡ 2023 ਵਿਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਫੁੱਟਬਾਲ ਦੀ ਸਾਂਝੀ ਮੇਜ਼ਬਾਨੀ ਦੀ ਦੌੜ 'ਚ ਸਭ ਤੋਂ ਅੱਗੇ ਪੁੱਜ ਗਏ ਹਨ। ਇਨ੍ਹਾਂ ਦੋਵਾਂ ਦੀ ਸਾਂਝੀ ਮੇਜ਼ਬਾਨੀ ਦਾ ਦਾਅਵਾ ਉਨ੍ਹਾਂ ਦੇ ਇੱਕੋ ਇਕ ਵਿਰੋਧੀ ਕੋਲੰਬੀਆ ਦੀ ਤੁਲਨਾ ਵਿਚ ਮਜ਼ਬੂਤ ਹੈ। ਵਿਸ਼ਵ ਫੁੱਟਬਾਲ ਦੀ ਸੰਚਾਲਨ ਸੰਸਥਾ ਫੀਫਾ ਦੇ ਇੰਸਪੈਕਸ਼ਨ ਨੰਬਰਾਂ ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਪੰਜ ਵਿਚੋਂ 4.1 ਜਦਕਿ ਕੋਲੰਬੀਆ ਨੂੰ 2.8 ਅੰਕ ਮਿਲੇ ਹਨ। ਜਾਪਾਨ ਨੂੰ 5 ਵਿਚੋਂ 3.9 ਅੰਕ ਦਿੱਤੇ ਗਏ ਸਨ ਤੇ ਉਸ ਦੇ ਦੌੜ ਵਿਚ ਬਣੇ ਰਹਿਣ ਨਾਲ ਏਸ਼ਿਆਈ ਫੁੱਟਬਾਲ ਕਨਫੈਡਰੇਸ਼ਨ ਦੇ ਸੱਤ ਨੁਮਾਇੰਦਿਆਂ ਦੀਆਂ ਵੋਟਾਂ ਵੰਡੀਆਂ ਜਾਣ ਦੀ ਸੰਭਾਵਨਾ ਸੀ। ਆਸਟ੍ਰੇਲੀਆ ਵੀ ਏਐੱਫਸੀ ਦਾ ਮੈਂਬਰ ਹੈ। ਵਿਸ਼ਵ ਫੁੱਟਬਾਲ ਦੀ ਸੰਚਾਲਨ ਸੰਸਥਾ ਫੀਫਾ ਵੀਰਵਾਰ ਨੂੰ ਇਸ 'ਤੇ ਵੋਟਿੰਗ ਕਰੇਗੀ। ਏਐੱਫਸੀ ਦੇ ਪ੍ਰਧਾਨ ਸ਼ੇਖ ਸਲਮਾਨ ਬਿਨ ਇਬ੍ਰਾਹੀਮ ਅਲ ਖ਼ਲੀਫ਼ਾ ਨੇ ਜਾਪਾਨ ਦੇ ਲਾਂਭੇ ਹੋਣ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਏਸ਼ਿਆਈ ਮੈਂਬਰਾਂ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪੱਖ ਵਿਚ ਮਤਦਾਨ ਕਰਨ ਦੀ ਅਪੀਲ ਕੀਤੀ ਹੈ। ਆਸਟ੍ਰੇਲੀਆ-ਨਿਊਜ਼ੀਲੈਂਡ ਤੇ ਕੋਲੰਬੀਆ ਨੇ ਇਸ ਤੋਂ ਪਹਿਲਾਂ ਕਦੀ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕੀਤੀ ਹੈ। ਜੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਮੇਜ਼ਬਾਨੀ ਮਿਲਦੀ ਹੈ ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦ ਦੋ ਕਨਫੈਡਰੇਸ਼ਾਨਾਂ ਮਿਲ ਕੇ ਵਿਸ਼ਵ ਕੱਪ ਕਰਵਾਉਣਗੀਆਂ। ਨਿਊਜ਼ੀਲੈਂਡ ਓਸੀਆਨਾ ਫੁੱਟਬਾਲ ਕਨਫੈਡਰੇਸ਼ਨ ਦਾ ਮੈਂਬਰ ਹੈ ਤੇ ਫੀਫਾ ਕੌਂਸਲ ਵਿਚ ਉਸ ਦੇ ਤਿੰਨ ਮੈਂਬਰ ਹਨ ਪਰ ਨਿਊਜ਼ੀਲੈਂਡ ਫੁੱਟਬਾਲ ਦੇ ਪ੍ਰਧਾਨ ਜੋਹਾਨ ਵੁਡ ਆਨਲਾਈਨ ਮੀਟਿੰਗ ਵਿਚ ਵੋਟਿੰਗ ਨਹੀਂ ਕਰ ਸਕਣਗੇ। ਟੂਰਨਾਮੈਂਟ 10 ਜੁਲਾਈ ਤੋਂ 20 ਅਗਸਤ 2023 ਵਿਚਾਲੇ ਖੇਡਿਆ ਜਾਵੇਗਾ ਅਤੇ ਇਸ ਵਿਚ 24 ਦੀ ਬਜਾਏ 32 ਟੀਮਾਂ ਹਿੱਸਾ ਲੈਣਗੀਆਂ।