ਸਰਕਲ ਸਟਾਈਲ ਕਬੱਡੀ ਵਿਚ ਸਮੇਂ ਦੀ ਰਫ਼ਤਾਰ ਨਾਲ ਨਵੇਂ-ਨਵੇਂ ਤਜਰਬੇ ਹੋ ਰਹੇ ਹਨ। ਦੇਸ਼ ਵਿਦੇਸ਼ ਵਿਚ ਕਬੱਡੀ 'ਚ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਮੇਂ ਦੌਰਾਨ ਕੈਨੇਡਾ ਬੀਸੀ ਦੀ ਇਕ ਖੇਡ ਸੰਸਥਾ ਨੇ ਬੱਚਿਆ ਦਾ ਵਰਲਡ ਕੱਪ ਕਰਵਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।

ਕਬੱਡੀ ਨੂੰ ਡੋਪ ਮੁਕਤ ਕਰਨ ਦੇ ਉਪਰਾਲੇ

ਪੰਜਾਬ ਵਿਸ਼ਵ ਕਬੱਡੀ ਕੱਪ ਦੌਰਾਨ ਕੈਨੇਡਾ, ਅਮਰੀਕਾ, ਇੰਗਲੈਂਡ ਦੀਆਂ ਟੀਮਾਂ 'ਚ ਉੱਥੋਂ ਦੇ ਜੰਮਪਲ ਖਿਡਾਰੀ ਵੀ ਖੇਡਦੇ ਦੇਖੇ ਗਏ, ਜੋ ਪਹਿਲਾਂ ਉੱਥੋਂ ਦੀਆਂ ਅੰਡਰ-21 ਦੀਆਂ ਟੀਮਾਂ ਦਾ ਹਿੱਸਾ ਰਹੇ ਹਨ। ਪੰਜਾਬ ਵਿਚ ਕਬੱਡੀ ਵਜ਼ਨ ਦੇ ਆਧਾਰ 'ਤੇ ਖੇਡੀ ਜਾਂਦੀ ਹੈ ਪ੍ਰੰਤੂ ਵਜ਼ਨੀ ਕਬੱਡੀ ਦੀਆਂ ਜਿੱਤਾਂ ਦੇ ਲਾਲਚ 'ਚ ਪਏ ਵਧੇਰੇ ਖਿਡਾਰੀ ਆਪਣਾ ਸਰੀਰਿਕ ਵਿਕਾਸ ਵੀ ਰੋਕ ਲੈਂਦੇ ਹਨ। ਛੋਟੇ ਖਿਡਾਰੀਆਂ ਨੂੰ ਇਸ ਵਰਤਾਰੇ 'ਚੋਂ ਕੱਢਣ ਲਈ ਕੁਝ ਲੋਕਾਂ ਨੇ ਹੁਣ ਜੰਗੀ ਪੱਧਰ 'ਤੇ ਯਤਨ ਕਰਨੇ ਸ਼ੁਰੂ ਕੀਤੇ ਹਨ। ਇਸ ਪਾਸੇ ਕਦਮ ਵਧਾਉਂਦਿਆ ਕਬੱਡੀ ਦੇ ਸ਼ਾਹ ਅਸਵਾਰ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਕਬੱਡੀ ਨੂੰ ਡੋਪ ਮੁਕਤ ਕਰਨ ਲਈ ਇਕ ਮੁਹਿੰਮ ਚਲਾਈ ਹੈ।

ਭਾਰ ਦੀ ਥਾਂ ਉਮਰ ਆਧਾਰਿਤ ਚੋਣ

ਸੁਰਜਨ ਸਿੰਘ ਚੱਠਾ ਤੇ ਉਨ੍ਹਾਂ ਦੀ ਖੇਡ ਸੰਸਥਾ ਨੇ ਨਵੀਂ ਪਨੀਰੀ ਨੂੰ ਸਾਫ਼-ਸੁਥਰੀ ਕਬੱਡੀ ਖਿਡਾਉਣ ਦੇ ਮਨਸੂਬੇ ਨਾਲ ਪੰਜਾਬ ਭਰ 'ਚੋਂ ਅੰਡਰ-19 ਉਮਰ ਵਰਗ ਦੇ ਨੌਜਵਾਨਾਂ ਦੀਆਂ ਚਾਰ ਟੀਮਾਂ ਬਣਾਉਣ ਦਾ ਨਿੱਗਰ ਫ਼ੈਸਲਾ ਲਿਆ ਹੈ। ਉਨ੍ਹਾਂ ਦੀ ਸੰਸਥਾ ਨੇ ਖਿਡਾਰੀਆਂ ਨੂੰ ਡੋਪ ਮੁਕਤ ਕਬੱਡੀ ਖੇਡਣ ਲਈ ਪ੍ਰੇਰਿਆ ਤੇ ਚੋਣਵੇਂ ਖਿਡਾਰੀਆਂ 'ਤੇ ਅਧਾਰਿਤ ਚਾਰ ਟੀਮਾਂ ਬਣਾਈਆਂ ਹਨ।

ਹੁਣ ਤਕ ਪੰਜਾਬ ਦੀ ਕਬੱਡੀ ਆਮ ਤੌਰ 'ਤੇ ਵਜ਼ਨ ਦੇ ਆਧਾਰ 'ਤੇ ਖੇਡੀ ਜਾ ਰਹੀ ਹੈ, ਜਿਸ ਨਾਲ ਵਧੇਰੇ ਖਿਡਾਰੀ ਵਜ਼ਨੀ ਕਬੱਡੀ 'ਚ ਹੀ ਆਪਣਾ ਕਰੀਅਰ ਸਮਾਪਤ ਕਰ ਚੁੱਕੇ ਹਨ ਕਿਉਂਕਿ ਉਹ ਕਿਸੇ ਖ਼ਾਸ ਵਜ਼ਨ ਦੇ ਜੇਤੂ ਬਣ ਕੇ ਅੱਗੇ ਵਧਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਜਿਸ ਨਾਲੋਂ ਚੰਗਾ ਹੈ ਕਿ ਵਜ਼ਨ ਦੀ ਹੱਦਬੰਦੀ ਨੂੰ ਤੋੜ ਕੇ ਕਬੱਡੀ ਨੂੰ ਉਮਰ ਦੇ ਸਾਂਚੇ 'ਚ ਢਾਲਿਆ ਜਾਵੇ। ਇਸ ਦੀ ਸ਼ੁਰੂਆਤ ਲਈ ਪਹਿਲੀ ਉਮਰ ਅੰਡਰ-14 ਹੋਣੀ ਚਾਹੀਦੀ ਹੈ।

ਇਸ ਤੋਂ ਬਾਅਦ ਅੰਡਰ-19 ਤੇ ਫਿਰ ਆਲ ਓਪਨ ਕਬੱਡੀ ਮੁਕਾਬਲਿਆਂ ਲਈ ਟੀਮਾਂ ਬਣਾਈਆਂ ਜਾਣ। ਇਸ ਦਿਸ਼ਾ ਵਿਚ ਹੁਣ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਹੰਭਲਾ ਮਾਰਿਆ ਹੈ।

ਚਾਰ ਟੀਮਾਂ ਦਾ ਗਠਨ

ਫੈਡਰੇਸ਼ਨ ਨੇ ਨਵੇਂ ਖਿਡਾਰੀਆਂ ਨੂੰ ਉਮਰ ਦੇ ਹਿਸਾਬ ਨਾਲ ਅੰਡਰ-19 ਟੀਮਾਂ ਲਈ ਚੁਣਿਆ ਹੈ। ਇਨ੍ਹਾਂ ਖਿਡਾਰੀਆਂ 'ਤੇ ਅਧਾਰਿਤ ਚਾਰ ਕਲੱਬ ਬਣਾਏ ਗਏ ਹਨ। ਇਨ੍ਹਾਂ ਚਾਰ ਟੀਮਾਂ ਦੀ ਚੋਣ ਲਈ ਫਗਵਾੜਾ ਦੇ ਗੁਰੁਦੁਆਰਾ ਬਾਬਾ ਸੁਖਚੈਨਆਣਾ ਸਾਹਿਬ ਵਿਖੇ ਟਰਾਇਲ ਰੱਖੇ ਗਏ, ਜਿਨ੍ਹਾਂ ਵਿਚ ਪੰਜਾਬ 'ਚੋਂ ਕਰੀਬ 500 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ ਟੀਮਾਂ ਬਣਾ ਕੇ ਆਉਣ ਵਾਲੇ ਸਰਦ ਰੁੱਤ ਦੇ ਸੀਜ਼ਨ 'ਚ ਪੰਜਾਬ ਦੇ ਕਬੱਡੀ ਕੱਪਾਂ 'ਚ ਨਵੀਂ ਪੇਸ਼ਕਾਰੀ ਹੋਵੇਗੀ। ਜਿਸ ਨਾਲ ਸਰਕਲ ਸਟਾਈਲ ਕਬੱਡੀ ਨੂੰ ਜਿੱਥੇ ਡੋਪ ਮੁਕਤ ਕਰਨ ਵੱਲ ਧਿਆਨ ਦਿੱਤਾ ਜਾਵੇਗਾ ਉੱਥੇ ਨੌਜਵਾਨਾਂ ਨੂੰ ਖੇਡ ਦੇ ਮਿਆਰ ਤੇ ਪੱਧਰ ਬਾਰੇ ਬਾਰੀਕੀ ਨਾਲ ਜਾਣੂ ਕਰਵਾਇਆ ਜਾਵੇਗਾਸ਼ ਇਨ੍ਹਾਂ ਟੀਮਾਂ ਨੂੰ ਖਿਡਾਉਣ ਦੀ ਜ਼ਿੰਮੇਵਾਰੀ ਸਾਈ ਕੋਚ ਪਰਮਜੀਤ ਸਿੰਘ ਪੰਮੀ ਭੁਲੱਥ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੇ ਡੀਏਵੀ ਕਾਲਜ ਜਲੰਧਰ ਜ਼ਰੀਏ ਖੇਡ ਜਗਤ ਨੂੰ ਸੈਂਕੜੇ ਖਿਡਾਰੀ ਦਿੱਤੇ ਹਨ।

ਮਾਲਵਾ 'ਚ ਵੀ ਹੋਏ ਅਹਿਮ ਉਪਰਾਲੇ

ਇਸ ਪਾਸੇ ਦੂਜਾ ਹੰਭਲਾ ਪਿਛਲੇ ਕਈ ਮਹੀਨਿਆਂ ਤੋਂ ਮਾਲਵੇ ਦੇ ਮਸ਼ਹੂਰ ਪਿੰਡ ਜਲਾਲ ਦੇ ਜੰਮਪਲ ਕੁਮੈਂਟੇਟਰ ਰੁਪਿੰਦਰ ਸਿੰਘ ਨੇ ਮਾਰਿਆ ਹੈ, ਜਿਨ੍ਹਾਂ ਨੇ ਜਲਾਲ, ਰਾਮਪੁਰਾ ਫੂਲ, ਭਗਤਾ, ਭਾਈ ਰੂਪਾ ਵਿਚ ਅੰਡਰ-21 ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਹਨ।

ਉਨ੍ਹਾਂ ਨੇ ਚਾਰ ਟੀਮਾਂ ਸਵਰਗੀ ਹਰਜੀਤ ਕਲੱਬ ਬਾਜਾਖਾਨਾ, ਸਵਰਗੀ ਸੁਖਮਨ ਚੋਹਲਾ ਕਲੱਬ, ਸਵਰਗੀ ਬਿੱਟੂ ਦੁਗਾਲ ਕਲੱਬ ਤੇ ਸਵਰਗੀ ਗਗਨ ਜਲਾਲ ਕਲੱਬ ਬਣਾ ਕੇ ਚੰਗੇ ਮੁਕਾਬਲੇ ਕਰਵਾਏ ਹਨ। ਇਸ ਨਾਲ ਪੰਜਾਬ ਦੀ ਕਬੱਡੀ 'ਚ ਇਕ ਚੰਗਾ ਆਗ਼ਾਜ਼ ਹੋਇਆ ਹੈ। ਪੰਜਾਬ ਦੇ ਹੋਰਨਾਂ ਹਿੱਸਿਆ 'ਚ ਵੀ ਹੁਣ ਵਜ਼ਨੀ ਕਬੱਡੀ ਨੂੰ ਤਿਆਗ ਕੇ ਉਮਰ ਦੇ ਹਿਸਾਬ ਨਾਲ ਮੈਚ ਕਰਵਾਏ ਜਾਣੇ ਚਾਹੀਦੇ ਹਨ।

ਰੁਪਿੰਦਰ ਸਿੰਘ ਜਲਾਲ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੂੰ ਸ਼ੁਰੂ 'ਚ ਬਦਾਮ ਤੇ ਸੁੱਕੇ ਮੇਵੇ ਇਨਾਮ ਵਜੋਂ ਦੇਣੇ ਸ਼ੁਰੂ ਕੀਤੇ ਗਏ ਤੇ ਹੁਣ ਨਕਦ ਇਨਾਮ ਵੀ ਦਿੱਤੇ ਜਾਣ ਲੱਗੇ ਹਨ। ਇਨ੍ਹਾਂ ਟੀਮਾਂ ਦੇ ਹੁਣ ਤਕ ਛੇ ਸਫਲ ਮੁਕਾਬਲੇ ਕਰਵਾਉਣ 'ਚ ਪਰਵਾਸੀ ਪੰਜਾਬੀ ਕਬੱਡੀ ਪ੍ਰਮੋਟਰਾਂ ਤੇ ਸਾਬਕਾ ਖਿਡਾਰੀਆਂ ਦਾ ਅਹਿਮ ਸਹਿਯੋਗ ਰਿਹਾ।

ਖਿਡਾਰੀਆਂ ਦਾ ਵਧੇਗਾ ਆਤਮ-ਵਿਸ਼ਵਾਸ

ਕਬੱਡੀ ਦੇ ਵਿਕਾਸ ਲਈ ਕੰਮ ਕਰ ਰਹੇ ਸੁਹਿਰਦ ਲੋਕਾਂ ਦਾ ਟੀਚਾ ਨਵੇਂ ਖਿਡਾਰੀਆਂ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਮਜ਼ਬੂਤ ਕਰਨਾ ਤੇ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਪੈਦਾ ਕਰਨਾ ਹੈ ਤਾਂ ਕਿ ਉਹ ਸਿਹਤ ਲਈ ਨੁਕਸਾਨਦੇਹ ਪਦਾਰਥਾਂ ਵੱਲ ਮੂੰਹ ਨਾ ਕਰਨ। ਇਨ੍ਹਾਂ ਖਿਡਾਰੀਆਂ ਦੇ ਮੈਚਾਂ ਦੌਰਾਨ ਦਰਸ਼ਕ ਡੋਪ ਮੁਕਤ ਕਬੱਡੀ ਦੇਖ ਕੇ ਉਨ੍ਹਾਂ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੇ ਹਨ।

ਕਬੱਡੀ ਦੀ ਨਰਸਰੀ ਨੂੰ ਉਭਾਰਨ ਲਈ ਕੰਮ ਕਰਨ ਵਾਲੇ ਜ਼ਿੰਮੇਵਾਰ ਵਿਅਕਤੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਖਿਡਾਰੀਆਂ ਦੇ ਸਮੇਂ-ਸਮੇਂ ਸਿਰ ਡੋਪ ਟੈਸਟ ਕਰਵਾਏ ਜਾਣੇ ਵੀ ਲਾਜ਼ਮੀ ਕੀਤੇ ਜਾਣਗੇ। ਪੰਜਾਬ ਦੀ ਕਬੱਡੀ ਵਿਚ ਇਸ ਤਰ੍ਹਾਂ ਦੇ ਤਜਰਬੇ ਰਾਸ਼ਟਰੀ–ਅੰਤਰਰਾਸ਼ਟਰੀ ਪੱਧਰ 'ਤੇ ਕੀਤੇ ਜਾਣੇ ਸਮੇਂ ਦੀ ਮੁੱਖ ਲੋੜ ਹੈ। ਪ੍ਰਬੰਧਕਾਂ ਵੱਲੋਂ ਅਸੀਂ ਕਬੱਡੀ ਦੇ ਵਿਕਾਸ ਤੇ ਇਸ ਨੂੰ ਡੋਪ ਮੁਕਤ ਕਰਨ ਲਈ ਕੀਤੇ ਜਾਣ ਵਾਲੇ ਇਨ੍ਹਾਂ ਯਤਨਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਭਵਿੱਖ ਵਿਚ ਇਸ ਦੇ ਚੰਗੇ ਸਿੱਟਿਆਂ ਦੀ ਕਾਮਨਾ ਕਰਦੇ ਹਾਂ।

- ਸਤਪਾਲ ਮਾਹੀ ਖਡਿਆਲ

98724-59691

Posted By: Harjinder Sodhi