ਤੁਰਿਨ (ਏਪੀ) : ਐਲਗਜ਼ੈਂਡਰ ਜਵੇਰੇਵ ਨੇ ਇਸ ਸਾਲ ਲਗਾਤਾਰ ਦੂਜੀ ਵਾਰ ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਵੱਡੀ ਟਰਾਫੀ ਜਿੱਤਣ ਤੋਂ ਰੋਕ ਦਿੱਤਾ। ਉਨ੍ਹਾਂ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ 'ਚ ਜੋਕੋਵਿਕ ਨੂੰ 7-6 (4), 4-6, 6-3 ਨਾਲ ਮਾਤ ਦਿੱਤੀ। ਹੁਣ ਜਵੇਰੇਵ ਦਾ ਸੁਪਨਾ ਫਾਈਨਲ 'ਚ ਦੂਜੀ ਰੈਕਿੰਗ ਦੇ ਖਿਡਾਰੀ ਰੂਸ ਦੇ ਡੈਨਿਲ ਮੇਦਵੇਦੇਵ ਨਾਲ ਹੋਵੇਗਾ।

ਟੋਕੀਓ ਓਲੰਪਿਕ ਦੇ ਸੈਮੀਫਾਈਨਲ 'ਚ ਵੀ ਜਵੇਰੇਵ ਨੇ ਚੋਟੀ ਦੀ ਰੈਂਕਿੰਗ ਦੇ ਜੋਕੋਵਿਕ ਨੂੰ ਹਰਾਇਆ ਸੀ। ਇਸ ਨਤੀਜੇ ਦਾ ਮਤਲਬ ਹੈ ਕਿ ਜੋਕੋਵਿਕ ਸਿਖਰਲੇ ਅੱਠ ਖਿਡਾਰੀਆਂ ਦੇ ਸੈਸ਼ਨ ਦੇ ਇਸ ਆਖ਼ਰੀ ਟੂਰਨਾਮੈਂਟ 'ਚ ਸਵਿਟਜ਼ਰਲੈਂਡ ਦੇ ਫੈਡਰਰ ਦੇ ਰਿਕਾਰਡ ਛੇ ਖ਼ਿਤਾਬਾਂ ਦੀ ਬਰਾਬਰੀ ਨਹੀਂ ਕਰ ਸਕਣਗੇ। 20 ਵਾਰ ਦੇ ਗਰੈਂਡਸਲੈਮ ਜੇਤੂ ਜੋਕੋਵਿਕ ਨੇ ਆਪਣੇ ਕਰੀਅਰ 'ਚ ਪੰਜ ਵਾਰ ਇਸ ਖ਼ਿਤਾਬ ਨੂੰ ਜਿੱਤਿਆ ਤੇ ਉਨ੍ਹਾਂ ਦੀਆਂ ਨਜ਼ਰਾਂ ਫੈਡਰਰ ਦੀ ਬਰਾਬਰੀ 'ਤੇ ਸਨ ਪਰ ਜਵੇਰੇਵ ਨੇ ਉਨ੍ਹਾਂ ਦਾ ਇੰਤਜਾਰ ਘਟੋ-ਘੱਟ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ।

Posted By: Jatinder Singh