ਤੂਰਿਨ (ਏਪੀ) : ਸਰਬੀਆ ਦੇ ਨੋਵਾਕ ਜੋਕੋਵਿਕ ਨੇ ਤੀਜਾ ਦਰਜਾ ਕੈਸਪਰ ਰੂਡ ਨੂੰ ਹਰਾ ਕੇ ਛੇਵੀਂ ਵਾਰ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਜੋਕੋਵਿਕ ਨੇ ਨਾਰਵੇ ਦੇ ਰੂਡ ਨੂੰ 7-5, 6-3 ਨਾਲ ਹਰਾ ਕੇ 2015 ਤੋਂ ਬਾਅਦ ਪਹਿਲੀ ਵਾਰ ਇਹ ਟੂਰਨਾਮੈਂਟ ਜਿੱਤਿਆ ਤੇ ਰੋਜਰ ਫੈਡਰਰ ਦੀ ਬਰਾਬਰੀ ਕੀਤੀ। ਜੋਕੋਵਿਕ ਪਿਛਲੀ ਦੋ ਵਾਰ ਜਦ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੇ ਸਨ ਤਾਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸਾਲ ਦੇ ਅੰਤ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੇ ਜੋਕੋਵਿਕ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਹਨ। ਜੋਕੋਵਿਕ ਨੇ ਸਾਲ ਦਾ ਅੰਤ 18 ਜਿੱਤਾਂ ਤੇ ਇਕ ਹਾਰ ਨਾਲ ਕੀਤਾ। ਉਨ੍ਹਾਂ ਨੇ ਤੇਲ ਅਵੀਵ ਤੇ ਅਸਤਾਨਾ ਵਿਚ ਖ਼ਿਤਾਬ ਜਿੱਤੇ ਜਦਕਿ ਪੈਰਿਸ ਮਾਸਟਰਜ਼ ਦੇ ਫਾਈਨਲ ਵਿਚ ਥਾਂ ਬਣਾਈ। ਉਨ੍ਹਾਂ ਨੇ ਇਸ ਤੋਂ ਇਲਾਵਾ ਵਿੰਬਲਡਨ ਤੇ ਰੋਮ ਵਿਚ ਵੀ ਖ਼ਿਤਾਬ ਜਿੱਤੇ। ਜੋਕੋਵਿਕ ਨੇ ਫਾਈਨਲ ਮੈਚ ਵਿਚ ਪਹਿਲੀ ਹੀ ਗੇਮ ਵਿਚ ਰੂਡ ਦੀ ਸਰਵਿਸ ਤੋੜੀ, ਹਾਲਾਂਕਿ ਰੂਡ ਵਾਪਸੀ ਕਰਨ ਵਿਚ ਕਾਮਯਾਬ ਰਹੇ। ਜੋਕੋਵਿਕ ਨੇ ਫਿਰ ਲਗਾਤਾਰ ਹਮਲਾਵਰ ਵਤੀਰਾ ਅਪਣਾਇਆ ਤੇ ਇਕ ਵਾਰ ਮੁੜ ਰੂਡ ਦੀ ਸਰਵਿਸ ਤੋੜੀ। ਰੂਡ ਵੀ ਅੜੇ ਰਹੇ ਪਰ ਜੋਕੋਵਿਕ ਇਸ ਸੈੱਟ ਨੂੰ ਆਪਣੇ ਨਾਂ ਕਰਨ ਵਿਚ ਕਾਮਯਾਬ ਰਹੇ। ਸੱਤਵਾਂ ਦਰਜਾ ਹਾਸਲ ਜੋਕੋਵਿਕ ਨੇ ਦੂਜੇ ਸੈੱਟ ਦੀ ਚੌਥੀ ਗੇਮ ਵਿਚ ਫਿਰ ਰੂਡ ਦੀ ਸਰਵਿਸ ਤੋੜੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਸੈੱਟ ਤੇ ਮੈਚ ਆਪਣੇ ਨਾਂ ਕਰ ਲਿਆ।

-----------

ਸੱਤ ਸਾਲ ਲੰਬਾ ਸਮਾਂ ਹੁੰਦਾ ਹੈ। ਨਾਲ ਹੀ ਇਹ ਤੱਥ ਕਿ ਮੈਂ ਸੱਤ ਸਾਲ ਉਡੀਕ ਕੀਤੀ, ਇਹ ਇਸ ਜਿੱਤ ਨੂੰ ਹੋਰ ਵੱਧ ਸ਼ਾਨਦਾਰ ਤੇ ਵੱਡਾ ਬਣਾ ਦਿੰਦਾ ਹੈ।-ਨੋਵਾਕ ਜੋਕੋਵਿਕ, ਟੈਨਿਸ ਖਿਡਾਰੀ, ਸਰਬੀਆ।

ਵਿਲੀਅਮਜ਼ ਭੈਣਾਂ ਦੇ ਕੋਚ ਬੋਲੇਟੀਏਰੀ ਦਾ ਦੇਹਾਂਤ

ਨਵੀਂ ਦਿੱਲੀ (ਜੇਐੱਨਐੱਨ) : ਸੇਰੇਨਾ ਵਿਲੀਅਮਜ਼, ਵੀਨਮ ਵਿਲੀਅਮਜ਼ ਤੇ ਮਾਰੀਆ ਸ਼ਾਰਾਪੋਵਾ ਵਰਗੇ ਦਿੱਗਜ ਖਿਡਾਰੀਆਂ ਦੇ ਕੋਚ ਰਹੇ ਨਿਕ ਬੋਲੇਟੀਏਰੀ ਦਾ 91 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਬੋਲੇਟੀਏਰੀ ਨੇ ਆਪਣੇ ਕੋਚਿੰਗ ਕਰੀਅਰ ਵਿਚ ਆਂਦਰੇ ਏਗਾਸੀ, ਜਿਮ ਕੁਰੀਅਰ ਤੇ ਮੋਨਿਕਾ ਸੈਲੇਸ ਵਰਗੇ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀਆਂ ਨੂੰ ਅੱਗੇ ਵਧਣ ਵਿਚ ਮਦਦ ਕੀਤੀ। ਆਪਣੇ ਕੋਚਿੰਗ ਕਰੀਅਰ ਵਿਚ ਪ੍ਰਸਿੱਧ ਹੋਣ ਦੇ ਬਾਵਜੂਦ ਬੋਲੇਟੀਏਰੀ ਦਾ ਇਕ ਖਿਡਾਰੀ ਵਜੋਂ ਕਰੀਅਰ ਸਿਰਫ਼ ਹਾਈ ਸਕੂਲ ਵਿਚ ਖੇਡਣ ਤਕ ਹੀ ਸੀਮਤ ਸੀ। ਬੋਲੇਟੀਏਰੀ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ 2020 ੇਵਿਚ ਟ੍ਰੇਨਿੰਗ ਸੈਸ਼ਨ ਦੌਰਾਨ ਉਹ ਟੈਨਿਸ ਕੋਰਟ 'ਤੇ ਡਿੱਗ ਪਏ ਸਨ।