ਲੰਡਨ (ਏਐੱਫਪੀ) : ਦੁਨੀਆ ਦੇ ਨੰਬਰ ਇਕ ਮਰਦ ਟੈਨਿਸ ਖਿਡਾਰੀ ਰਾਫੇਲ ਨਡਾਲ ਨੂੰ ਏਟੀਪੀ ਫਾਈਨਲਜ਼ ਦੇ ਆਪਣੇ ਪਹਿਲੇ ਮੈਚ ਵਿਚ ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜਵੇਰੇਵ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਸਟੀਫਾਨੋਸ ਸਿਤਸਿਪਾਸ ਨੇ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ। ਆਪਣੇ ਕਰੀਅਰ ਵਿਚ ਹੁਣ ਤਕ ਏਟੀਪੀ ਫਾਈਨਲਜ਼ ਨੂੰ ਜਿੱਤਣ ਵਿਚ ਨਾਕਾਮ ਰਹੇ ਸਪੈਨਿਸ਼ ਸਟਾਰ ਨਡਾਲ ਸੱਟ ਦੇ ਠੀਕ ਹੋਣ ਤੋਂ ਬਾਅਦ ਇੱਥੇ ਕੋਰਟ 'ਤੇ ਉਤਰੇ ਪਰ ਜਵੇਰੇਵ ਨੇ ਉਨ੍ਹਾਂ ਨੂੰ 6-2, 6-4 ਨਾਲ ਕਰਾਰੀ ਮਾਤ ਦਿੱਤੀ। ਓਧਰ ਆਂਦਰੇ ਅਗਾਸੀ ਗਰੁੱਪ ਦੇ ਰਾਊਂਡ ਰਾਬਿਨ ਮੁਕਾਬਲੇ ਵਿਚ ਛੇਵਾਂ ਦਰਜਾ ਸਿਤਸਿਪਾਸ ਨੇ ਰੂਸ ਦੇ ਡੇਨਿਲ ਮੇਦਵੇਦੇਵ ਨੂੰ 7-6, 6-4 ਨਾਲ ਹਰਾ ਦਿੱਤਾ। ਜਰਮਨ ਸਟਾਰ ਜਵੇਰੇਵ ਖ਼ਿਲਾਫ਼ ਇਸ ਮੈਚ ਤੋਂ ਪਹਿਲਾਂ ਨਡਾਲ ਦਾ ਰਿਕਾਰਡ 5-0 ਸੀ ਪਰ ਉਹ ਸ਼ੁਰੂ ਤੋਂ ਹੀ ਲੈਅ ਵਿਚ ਨਹੀਂ ਦਿਖਾਈ ਦਿੱਤੇ ਤੇ ਪਹਿਲੇ ਹੀ ਸੈੱਟ ਵਿਚ ਦੋ ਬ੍ਰੇਕ ਪੁਆਇੰਟ ਗੁਆ ਬੈਠੇ। ਇਸ ਤੋਂ ਬਾਅਦ ਦੂਜੇ ਸੈੱਟ ਦੀ ਪਹਿਲੀ ਗੇਮ ਵਿਚ ਜਵੇਰੇਵ ਨੇ ਉਨ੍ਹਾਂ ਦੀ ਸਰਵਿਸ ਤੋੜੀ ਤੇ ਮੁਕਾਬਲੇ 'ਤੇ ਆਪਣੀ ਪਕੜ ਬਣਾ ਲਈ। ਜਵੇਰੇਵ ਨੇ ਇਸ ਮੁਕਾਬਲੇ ਵਿਚ ਕੁੱਲ 26 ਵਿਨਰਸ ਲਾਏ ਜੋ ਨਡਾਲ ਤੋਂ ਦੁੱਗਣੇ ਸਨ।

ਖ਼ਤਰੇ 'ਚ ਬਾਦਸ਼ਾਹਤ :

ਰਾਫੇਲ ਨਡਾਲ ਤੇ ਸਰਬੀਆਈ ਸਟਾਰ ਨੋਵਾਕ ਜੋਕੋਵਿਕ ਵਿਚਾਲੇ ਸਾਲ ਨੂੰ ਨੰਬਰ ਇਕ 'ਤੇ ਰਹਿੰਦੇ ਹੋਏ ਸਮਾਪਤ ਕਰਨ ਦੀ ਰੋਮਾਂਚਕ ਜੰਗ ਚੱਲ ਰਹੀ ਹੈ ਤੇ ਇਸ ਟੂਰਨਾਮੈਂਟ ਵਿਚ ਹਾਰ ਨਾਲ ਨਡਾਲ ਨੂੰ ਜੋਕੋਵਿਕ ਹੱਥੋਂ ਆਪਣਾ ਨੰਬਰ ਇਕ ਦਾ ਤਾਜ ਗੁਆਉਣਾ ਪੈ ਸਕਦਾ ਹੈ। ਜੋਕੋਵਿਕ ਨੇ ਐਤਵਾਰ ਨੂੰ ਇਟਲੀ ਦੇ ਮਾਤੀਓ ਬੇਰੇਟੀਨੀ ਖ਼ਿਲਾਫ਼ ਜਿੱਤ ਦਰਜ ਕਰ ਕੇ ਆਪਣੇ ਛੇਵੇਂ ਏਟੀਪੀ ਫਾਈਨਲਜ਼ ਖ਼ਿਤਾਬ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਰੋਜਰ ਫੈਡਰਰ ਨੂੰ ਡੋਮੀਨਿਕ ਥਿਏਮ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

ਹਾਰ 'ਤੇ ਕੋਈ ਬਹਾਨਾ ਨਹੀਂ :

ਮੁਕਾਬਲੇ ਤੋਂ ਬਾਅਦ 19 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨਡਾਲ ਨੇ ਕਿਹਾ ਕਿ ਹਾਰ ਲਈ ਕੋਈ ਬਹਾਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰਕ ਮੁਸ਼ਕਲ ਕੋਈ ਬਹਾਨਾ ਨਹੀਂ ਹੈ। ਸਿਰਫ਼ ਇਕ ਹੀ ਬਹਾਨਾ ਹੈ ਕਿ ਮੈਂ ਇਸ ਮੁਕਾਬਲੇ ਵਿਚ ਚੰਗਾ ਨਹੀਂ ਖੇਡ ਸਕਿਆ। ਹਾਲਾਂਕਿ ਹੁਣ ਇਸ ਹਾਰ ਤੋਂ ਬਾਅਦ ਨਡਾਲ ਲਈ ਸੈਮੀਫਾਈਨਲ ਲਈ ਕੁਆਲੀਫਾਈ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਸਿਤਸਿਪਾਸ ਤੇ ਮੇਦਵੇਦੇਵ ਖ਼ਿਲਾਫ਼ ਉਤਰਨਾ ਹੈ। ਨਡਾਲ ਨੇ ਲਗਾਤਾਰ 15ਵੇਂ ਸਾਲ ਏਟੀਪੀ ਫਾਈਨਲਜ਼ ਲਈ ਕੁਆਲੀਫਾਈ ਕੀਤਾ ਹੈ ਪਰ ਸੱਟ ਕਾਰਨ ਉਹ ਸਿਰਫ਼ ਨੌਂ ਮੌਕਿਆਂ 'ਤੇ ਹੀ ਇਸ ਟੂਰਨਾਮੈਂਟ 'ਚ ਹਿੱਸਾ ਲੈ ਸਕੇ ਹਨ।