ਲੰਡਨ (ਏਐੱਫਪੀ) : ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਐਤਵਾਰ ਤੋਂ ਸ਼ੁਰੂ ਹੋ ਰਹੇ ਏਟੀਪੀ ਫਾਈਨਲਜ਼ ਵਿਚ ਰੋਜਰ ਫੈਡਰਰ ਦੇ ਰਿਕਾਰਡ ਛੇ ਖ਼ਿਤਾਬ ਦੀ ਬਰਾਬਰੀ ਕਰ ਕੇ ਤੇ ਰਾਫੇਲ ਨਡਾਲ ਨੂੰ ਨੰਬਰ ਇਕ ਰੈਂਕਿੰਗ ਤੋਂ ਹਟਾ ਕੇ ਇਸ ਸੈਸ਼ਨ ਦਾ ਸ਼ਾਨਦਾਰ ਅੰਤ ਕਰ ਸਕਦੇ ਹਨ। ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ ਪਿਛਲੇ ਸਾਲ ਏਟੀਪੀ ਫਾਈਨਲਜ਼ ਦੇ ਖ਼ਿਤਾਬੀ ਮੁਕਾਬਲੇ ਵਿਚ ਜੋਕੋਵਿਕ ਨੂੰ ਹਰਾ ਦਿੱਤਾ ਸੀ ਪਰ ਇਸ ਸਾਲ ਜੋਕੋਵਿਕ ਖ਼ਿਤਾਬ ਦੇ ਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰਨਗੇ। ਜੋਕੋਵਿਕ ਤੇ ਸਪੈਨਿਸ਼ ਸਟਾਰ ਨਡਾਲ ਨੇ ਮਿਲ ਕੇ ਇਸ ਸਾਲ ਦੇ ਸਾਰੇ ਚਾਰ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ ਤੇ ਅਗਲੀ ਪੀੜ੍ਹੀ ਨੂੰ ਆਪਣੀ ਬਾਦਸ਼ਾਹਤ ਨਹੀਂ ਖੋਹਣ ਦਿੱਤੀ। ਹਾਲਾਂਕਿ ਟੂਰਨਾਮੈਂਟ ਤੋਂ ਪਹਿਲਾਂ ਨਡਾਲ ਦੀ ਸੱਟ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਸਵਿਸ ਸਟਾਰ ਫੈਡਰਰ, ਨਡਾਲ ਤੇ ਜੋਕੋਵਿਕ ਨੂੰ ਚੋਟੀ ਦਾ ਦਰਜਾ ਦਿੱਤਾ ਗਿਆ ਹੈ ਤੇ ਉਹ 2007 ਤੋਂ ਬਾਅਦ ਪਹਿਲੀ ਵਾਰ ਇਕੱਠੇ ਏਟੀਪੀ ਫਾਈਨਲਜ਼ ਵਿਚ ਖੇਡਣਗੇ। ਏਟੀਪੀ ਫਾਈਨਲਜ਼ ਵਿਚ ਚੋਟੀ ਦੇ ਅੱਠ ਖਿਡਾਰੀ ਹਿੱਸਾ ਲੈਂਦੇ ਹਨ।

ਇਹ ਖਿਡਾਰੀ ਵੀ ਲੈਣਗੇ ਹਿੱਸਾ

ਜੋਕੋਵਿਕ, ਨਡਾਲ ਤੇ ਫੈਡਰਰ ਤੋਂ ਇਲਾਵਾ ਲੈਅ ਵਿਚ ਚੱਲ ਰਹੇ ਰੂਸ ਦੇ ਡੇਨਿਲ ਮੇਦਵੇਦੇਵ, ਆਸਟ੍ਰੀਆ ਦੇ ਡੋਮੀਨਿਕ ਥਿਏਮ, ਯੂਨਾਨ ਦੇ ਸਟੀਫਾਨੋਸ ਸਿਤਸਿਪਾਸ, ਜਰਮਨੀ ਦੇ ਜਵੇਰੇਵ ਤੇ ਇਟਲੀ ਦੇ ਮਾਤੀਓ ਬੇਰੇਟੀਨੀ ਟੂਰਨਾਮੈਂਟ ਵਿਚ ਹਿੱਸਾ ਲੈਣਗੇ।