ਮੈਡਿ੍ਡ (ਏਪੀ) : ਕੋਪਾ ਡੇਲ ਰੇ ਵਿਚ ਰੀਅਲ ਮੈਡਿ੍ਡ ਤੋਂ ਮਿਲੀ ਹਾਰ ਤੋਂ ਬਾਅਦ ਏਟਲੇਟਿਕੋ ਮੈਡਿ੍ਡ ਨੇ ਸਪੈਨਿਸ਼ ਲੀਗ ਲਾ ਲੀਗਾ ਵਿਚ ਸੱਤਵੇਂ ਸਥਾਨ ਦੀ ਟੀਮ ਓਸਾਸੁਨਾ ਨੂੰ 1-0 ਨਾਲ ਹਰਾਇਆ। 65ਵੇਂ ਮਿੰਟ ਵਿਚ ਬਦਲਵੇਂ ਖਿਡਾਰੀ ਦੇ ਰੂਪ ਵਿਚ ਆਏ ਸਾਉਲ ਨਿਗੁਏਜ ਨੇ 10 ਮਿੰਟ ਅੰਦਰ ਮੈਚ ਦਾ ਫ਼ੈਸਲਾਕੁਨ ਗੋਲ ਕੀਤਾ। ਵੀਰਵਾਰ ਨੂੰ ਕੋਪਾ ਡੇਲ ਰੇ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਏਟਲੇਟਿਕੋ ਨੇ 1-0 ਦੀ ਬੜ੍ਹਤ ਨੂੰ ਆਖ਼ਰੀ ਸਮੇਂ ਵਿਚ ਗੁਆ ਦਿੱਤਾ ਸੀ। ਰੀਅਲ ਮੈਡਿ੍ਡ ਨੇ ਇਸ ਮੈਚ ਨੂੰ 2-1 ਨਾਲ ਜਿੱਤ ਲਿਆ ਸੀ। ਪਹਿਲਾਂ ਹੀ ਚੈਂਪੀਅਨਜ਼ ਲੀਗ ਤੇ ਯੂਰਪਾ ਲੀਗ 'ਚੋਂ ਬਾਹਰ ਹੋ ਚੁੱਕੇ ਏਟਲੇਟਿਕੋ ਮੈਡਿ੍ਡ ਲਈ ਇਸੇ ਕੱਪ ਵਿਚ ਜਿੱਤਣ ਦਾ ਮੌਕਾ ਸੀ। ਲੀਗ ਸੂਚੀ ਵਿਚ ਸਿਖਰ 'ਤੇ ਚੱਲ ਰਹੇ ਬਾਰਸੀਲੋਨਾ ਦੇ ਮੁਕਾਬਲੇ ਏਟਲੇਟਿਕੋ ਮੈਡਿ੍ਡ ਹੁਣ ਵੀ 13 ਅੰਕ ਪਿੱਛੇ ਹਨ।