ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਅਥਲੈਟਿਕਸ ਦੇ ਪ੍ਰਧਾਨ ਸਬੇਸਟੀਅਨ ਕੋ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜਾਰੀ ਲਾਕਡਾਊਨ ਵਿਚਾਲੇ ਫਿੱਟ ਰਹਿਣ ਲਈ ਜ਼ਿਆਦਾ ਲੋਕਾਂ ਨੇ ਦੌੜਨਾ ਸ਼ੁਰੂ ਕੀਤਾ ਹੈ ਜਿਸ ਦਾ ਦੁਨੀਆ ਭਰ 'ਚ ਹਾਲਾਤ ਆਮ ਵਾਂਗ ਹੋਣ 'ਤੇ ਅਥਲੈਟਿਕਸ ਨੂੰ ਫਾਇਦਾ ਹੋਵੇਗਾ। ਕੋ ਨੇ ਕਿਹਾ ਕਿ ਜ਼ਿਆਦਾ ਲੋਕਾਂ ਵੱਲੋਂ ਦੌੜਨ ਦੀ ਆਦਤ ਨੂੰ ਅਪਣਾਉਣ ਦਾ ਅਥਲੈਟਿਕਸ ਨੂੰ ਫਾਇਦਾ ਹੋ ਸਕਦਾ ਹੈ।

ਏਸ਼ੀਆਈ ਅਥਲੈਟਿਕਸ ਮਹਾਸੰਘ (ਏਏਐੱਫ) ਵੱਲੋਂ ਕਰਵਾਏ ਆਨਲਾਈਨ ਸੈਮੀਨਾਰ ਦੌਰਾਨ ਕੋ ਨੇ ਕਿਹਾ ਕਿ ਅਸੀਂ ਸਥਾਨਕ, ਖੇਤਰੀ ਤੇ ਕੌਮੀ ਸਿਹਤ ਉਦੇਸ਼ਾਂ ਨੂੰ ਪੂਰਾ ਕਰਨ 'ਚ ਮਦਦ ਕਰਨ ਲਈ ਕਾਫੀ ਚੰਗੀ ਸਥਿਤੀ 'ਚ ਹਾਂ। ਲਾਕਡਾਊਨ ਦੌਰਾਨ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਲੋਕਾਂ ਨੇ ਕਸਰਤ ਨੂੰ ਅਪਣਾਇਆ ਹੈ। ਇਸ ਨਾਲ ਅਥਲੈਟਿਕਸ ਨੂੰ ਮੁੱਖ ਤੌਰ 'ਤੇ ਫ਼ਾਇਦਾ ਹੋਇਆ ਹੈ ਕਿਉਂਕਿ ਲੋਕ ਦੌੜ ਕੇ ਜਾਂ ਤੁਰ ਕੇ ਕਸਰਤ ਕਰ ਰਹੇ ਹਨ। ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ ਤੇ ਮਹਾਮਾਰੀ ਤੋਂ ਬਾਅਦ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਾਂਗੇ।