ਕੋਈ ਕੰਮ ਉਦੋਂ ਤਕ ਹੀ ਅਸੰਭਵ ਹੁੰਦਾ ਹੈ ਜਦ ਤਕ ਮਨੁੱਖ ਦੇ ਇਰਾਦੇ ਬੁਲੰਦ ਨਾ ਹੋਣ। ਬੰਦਾ ਚਾਹੇ ਤਾਂ ਦੁਨੀਆ ਦਾ ਔਖੇ ਤੋਂ ਔਖਾ ਕੰਮ ਕਰ ਸਕਦਾ ਹੈ ਲੋੜ ਸਿਰਫ਼ ਦ੍ਰਿੜ ਇੱਛਾ ਸ਼ਕਤੀ ਦੀ ਹੁੰਦੀ ਹੈ। ਇਸੇ ਤਰ੍ਹਾਂ ਦੀ ਪ੍ਰਬਲ ਇੱਛਾ ਸ਼ਕਤੀ ਦਾ ਮਾਲਕ ਹੈ ਗੁਰਦੀਪ ਸਿੰਘ।

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੂਹਲਾ ਦੇ ਇਸ ਨੌਜਵਾਨ ਦਾ ਜਨਮ 14 ਅਪ੍ਰੈਲ 1978 ਨੂੰ ਮਾਤਾ ਜੋਗਿੰਦਰ ਕੌਰ ਤੇ ਪਿਤਾ ਗੁਰਨਾਮ ਸਿੰਘ ਦੇ ਗ੍ਰਹਿ ਵਿਖੇ ਹੋਇਆ। ਪਿਤਾ ਦੇ ਸਵਰਗਵਾਸ ਹੋਣ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਪੈਣ ਕਰਕੇ ਗੁਰਦੀਪ ਸਿੰਘ ਦੀ ਪੜ੍ਹਾਈ ਇਕ ਵਾਰ ਤਾਂ ਛੁੱਟ ਹੀ ਗਈ ਸੀ। ਕੁਝ ਸਮੇਂ ਬਾਅਦ ਚਾਚੇ ਦੇ ਬੇਟਿਆਂ ਨੂੰ ਸਕੂਲ ਜਾਂਦੇ ਵੇਖ ਕੇ ਉਸ ਦੇ ਮਨ 'ਚ ਪੜ੍ਹਨ ਦੀ ਇੱਛਾ ਮੁੜ ਜਾਗੀ। ਦਾਦੇ ਟੇਕ ਸਿੰਘ, ਤਾਇਆ ਤਾਰਾ ਸਿੰਘ ਤੇ ਚਾਚਾ ਮੇਜਰ ਸਿੰਘ ਨੇ ਉਸ ਦੀ ਇੱਛਾ ਪੂਰੀ ਕਰਦਿਆਂ ਗੁਰਦੀਪ ਨੂੰ ਮੁੜ ਪੜ੍ਹਨੇ ਲਾ ਦਿੱਤਾ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਟ੍ਰੈਕਟਰ ਰਿਪੇਅਰ ਦਾ ਕੰਮ ਵੀ ਸਿੱਖਿਆ।

ਖ਼ਾਲਸਾ ਕਾਲਜ, ਸਰਹਾਲੀ (ਤਰਨਤਾਰਨ) ਵਿਖੇ ਗ੍ਰੈਜੂਏਸ਼ਨ ਕਰਦਿਆਂ ਗੁਰਦੀਪ ਸਿੰਘ ਨੂੰ ਖੇਡਾਂ ਦੀ ਚੇਟਕ ਲੱਗੀ। ਪਹਿਲਾ ਮੈਡਲ ਉਸ ਨੇ ਖ਼ਾਲਸਾ ਕਾਲਜ ਸਰਹਾਲੀ ਵੱਲੋਂ ਜਿੱਤਿਆ ਤੇ ਇੱਥੋਂ ਹੀ ਸ਼ੁਰੂਆਤ ਹੋਈ ਉਸ ਦੇ ਦੌੜਾਕ ਬਣਨ ਦੀ। ਖੇਡ ਕਰੀਅਰ ਦੇ ਅਗਲੇ ਪੜਾਅ ਵਿਚ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਆਪਣੇ ਖੇਡ ਹੁਨਰ ਦੇ ਜੌਹਰ ਵਿਖਾਏ। ਪੜ੍ਹਾਈ ਉਪਰੰਤ ਗੁਰਦੀਪ ਸਿੰਘ ਨੂੰ ਜੰਗਲਾਤ ਵਿਭਾਗ 'ਚ ਗਾਰਡ ਦੀ ਨੌਕਰੀ ਮਿਲ ਗਈ। ਇਕ ਵਾਰ ਤਾਂ ਖੇਡ ਕਾਰਨ ਨੌਕਰੀ ਛੱਡਣ ਦਾ ਖ਼ਿਆਲ ਵੀ ਉਸ ਦੇ ਮਨ 'ਚ ਆਇਆ। ਛੋਟੇ ਭਰਾ ਹਰਦੀਪ ਸਿੰਘ ਦੇ ਜ਼ਿਦ ਕਰਨ 'ਤੇ ਉਸ ਨੇ ਨੌਕਰੀ ਜਾਰੀ ਰੱਖੀ ਤੇ ਜਲਦੀ ਹੀ ਵਿਭਾਗ ਨੇ ਵੀ ਉਸ ਨੂੰ ਨੌਕਰੀ ਦੇ ਨਾਲ-ਨਾਲ ਗੇਮ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ।

ਸਾਲ 2003 ਵਿਚ ਆਲ ਇੰਡੀਆ ਫਾਰੈਸਟ ਸਪੋਰਟਸ ਮੀਟ ਗੋਆ ਵਿਖੇ ਟ੍ਰਿਪਲ ਜੰਪ 'ਚ ਉਸ ਨੇ ਪਹਿਲਾ ਤੇ 400 ਮੀਟਰ ਦੌੜ 'ਚ ਤੀਸਰਾ ਸਥਾਨ ਹਾਸਲ ਕੀਤਾ। ਸੰਨ 2018 ਵਿਚ ਆਲ ਇੰਡੀਆ ਮਾਸਟਰ ਮੀਟ ਗੇਮਜ਼ ਹੈਦਰਾਬਾਦ 'ਚ ਉਸ ਨੇ ਟ੍ਰਿਪਲ ਜੰਪ 'ਚ ਮੁੜ ਗੋਲਡ ਮੈਡਲ ਹਾਸਲ ਕੀਤਾ। ਇਸੇ ਸਾਲ ਏਸ਼ੀਅਨ ਮਾਸਟਰ ਗੇਮਜ਼ ਮਲੇਸ਼ੀਆ ਵਿਚ ਹਿੱਸਾ ਲਿਆ। ਇੱਥੇ ਉਸ ਨੇ ਟ੍ਰਿਪਲ ਜੰਪ 'ਚ ਸੋਨੇ, ਲੌਂਗ ਜੰਪ 'ਚ ਕਾਂਸੇ, 200 ਮੀਟਰ ਦੌੜ 'ਚ ਕਾਂਸੇ ਤੇ 4*400 ਮੀਟਰ ਰਿਲੇਅ 'ਚ ਚਾਂਦੀ ਦਾ ਮੈਡਲ ਜਿੱਤਿਆ। ਅਗਲੇ ਪੜਾਅ 'ਚ ਆਸਟ੍ਰੇਲੀਅਨ ਮਾਸਟਰ ਗੇਮਜ਼-2019 ਵਿਚ ਉਸ ਨੇ ਟ੍ਰਿਪਲ ਜੰਪ, ਲੌਂਗ ਜੰਪ ਤੇ 100 ਮੀਟਰ ਰੇਸ, ਤਿੰਨਾਂ ਵੰਨਗੀਆਂ 'ਚ ਤਿੰਨ ਸੋਨ ਤਗਮੇ ਜਿੱਤੇ। ਕਰਨਾਟਕਾ ਵਿਖੇ ਹੋਈ ਆਲ ਇੰਡੀਆ ਫਾਰੈਸਟ ਸਪੋਰਟਸ ਮੀਟ-2019 'ਚ ਗੁਰਦੀਪ ਸਿੰਘ ਨੇ ਟ੍ਰਿਪਲ ਜੰਪ, ਲੌਂਗ ਜੰਪ, 100 ਮੀਟਰ ਤੇ 200 ਮੀਟਰ ਰੇਸ 'ਚ ਚਾਰ ਗੋਲਡ ਮੈਡਲ ਜਿੱਤ ਕੇ ਪਿੰਡ ਤੇ ਵਿਭਾਗ ਦਾ ਨਾਂ ਬੁਲੰਦ ਕੀਤਾ। ਭੁਵਨੇਸ਼ਵਰ ਵਿਖੇ ਆਲ ਇੰਡੀਆ ਫਾਰੈਸਟ ਸਪੋਰਟਸ ਮੀਟ-2020 'ਚ ਉਸ ਨੇ ਖੇਡ ਕਰੀਅਰ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਕਰ ਕੇ ਬਾਕੀ ਖਿਡਾਰੀਆਂ ਨੂੰ ਸੁੰਨ ਕਰ ਦਿੱਤਾ। ਉਸ ਨੇ ਟ੍ਰਿਪਲ ਜੰਪ, ਲੌਂਗ ਜੰਪ, 110 ਮੀਟਰ ਹਰਡਲਜ਼, 100 ਮੀਟਰ ਤੇ 200 ਮੀਟਰ 'ਚ ਪੰਜ ਗੋਲਡ ਮੈਡਲ ਜਿੱਤ ਕੇ ਪਿੰਡ ਪੂਹਲੇ ਦਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਣ ਦਾ ਹੱਕ ਹਾਸਲ ਕੀਤਾ। ਸਾਲ 2019 ਤੇ 2020 ਵਿਚ ਗੁਰਦੀਪ ਸਿੰਘ ਨੂੰ 'ਬੈਸਟ ਅਥਲੀਟ' ਬਣਨ ਦਾ ਮਾਣ ਹਾਸਲ ਹੋਇਆ।

ਸਾਲ 2020 ਦੌਰਾਨ ਗੁਰਦੀਪ ਸਿੰਘ ਦੀ ਚੋਣ ਵਰਲਡ ਮਾਸਟਰ ਅਥਲੈਟਿਕਸ ਮੀਟਰ, ਟੋਰਾਂਟੋ ਯੂਨੀਵਰਸਿਟੀ, ਕੈਨੇਡਾ ਲਈ ਹੀ ਹੋਈ ਪਰ ਕੋਰੋਨਾ ਮਹਾਮਾਰੀ ਕਾਰਨ ਇਹ ਖੇਡਾਂ ਮੁਲਤਵੀ ਕਰਨੀਆਂ ਪਈਆਂ। ਆਸ ਹੈ ਕਿ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਉਪਰੰਤ ਜਦੋਂ ਇਹ ਖੇਡਾਂ ਹੋਣਗੀਆਂ ਤਾਂ ਗੁਰਦੀਪ ਸਿੰਘ ਉੱਥੇ ਵੀ ਆਪਣਾ ਸ਼ਾਨਦਾਪ ਪ੍ਰਦਰਸ਼ਨ ਜਾਰੀ ਰੱਖੇਗਾ।

- ਮਾਸਟਰ ਗੁਰਦੇਵ ਸਿੰਘ ਨਾਰਲੀ

98146-58915

Posted By: Harjinder Sodhi