ਦੋਹਾ (ਪੀਟੀਆਈ) : ਅੰਗਦ ਵੀਰ ਸਿੰਘ ਬਾਜਵਾ ਤੇ ਮੇਰਾਜ ਅਹਿਮਦ ਨੇ ਐਤਵਾਰ ਨੂੰ ਇੱਥੇ 14ਵੀਂ ਏਸ਼ਿਆਈ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਸਟੀਕ ਮੁਕਾਬਲੇ ਵਿਚ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਰਹਿੰਦੇ ਹੋਏ ਦੇਸ਼ ਲਈ ਦੋ ਹੋਰ ਓਲੰਪਿਕ ਕੋਟੇ ਹਾਸਲ ਕੀਤੇ। ਇਨ੍ਹਾਂ ਨਿਸ਼ਾਨੇਬਾਜ਼ਾਂ ਦੇ ਮੈਡਲ ਨਾਲ ਟੋਕੀਓ ਓਲੰਪਿਕ 2020 ਲਈ ਭਾਰਤੀ ਨਿਸ਼ਾਨੇਬਾਜ਼ਾਂ ਨੇ ਹੁਣ ਤਕ ਰਿਕਾਰਡ 15 ਕੋਟੇ ਹਾਸਲ ਕਰ ਲਏ ਹਨ। ਇੱਥੇ ਲੁਸੈਨ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ ਦੋਵੇਂ ਖਿਡਾਰੀ 56 ਅੰਕਾਂ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਰਹੇ ਸਨ ਜਿਸ ਤੋਂ ਬਾਅਦ ਜੇਤੂ ਦਾ ਫ਼ੈਸਲਾ ਸ਼ੂਟਆਫ ਨਾਲ ਹੋਇਆ। ਅੰਗਦ ਨੇ ਸ਼ੂਟਆਫ ਵਿਚ ਮੇਰਾਜ ਨੂੰ 6-5 ਨਾਲ ਪਛਾੜਿਆ। ਓਲੰਪਿਕ ਕੋਟਾ ਦੇ ਮਾਮਲੇ ਵਿਚ ਇਹ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਲੰਡਨ ਓਲੰਪਿਕ 2012 ਵਿਚ ਭਾਰਤ ਦੇ 11 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਸੀ ਜਦਕਿ ਰੀਓ ਓਲੰਪਿਕ 2016 ਵਿਚ 12 ਭਾਰਤੀ ਨਿਸ਼ਾਨੇਬਾਜ਼ ਉਤਰੇ ਸਨ। ਐਤਵਾਰ ਨੂੰ ਹੀ ਭਾਰਤ ਨੇ ਤਿੰਨ ਓਲੰਪਿਕ ਕੋਟੇ ਹਾਸਲ ਕੀਤੇ। ਅੰਗਦ ਤੇ ਮੇਰਾਜ ਤੋਂ ਪਹਿਲਾਂ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਮਰਦਾਂ ਦੇ 50 ਮੀਟਰ ਥ੍ਰੀ ਪੋਜ਼ੀਸ਼ਨ ਵਿਚ ਕਾਂਸੇ ਦਾ ਮੈਡਲ ਜਿੱਤ ਕੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ ਰਿਕਾਰਡ 13ਵਾਂ ਓਲੰਪਿਕ ਕੋਟਾ ਦਿਵਾਇਆ। ਤੋਮਰ ਨੇ ਅੱਠ ਮਰਦਾਂ ਦੇ ਫਾਈਨਲ ਵਿਚ 449.1 ਅੰਕ ਬਣਾ ਕੇ ਤੀਜਾ ਸਥਾਨ ਹਾਸਲ ਕੀਤਾ। ਕੋਰੀਆ ਦੇ ਕਿਮ ਜੋਂਗਯੁਨ (459.9) ਨੇ ਗੋਲਡ ਤੇ ਚੀਨ ਦੇ ਝੋਂਗਹਾਓ ਝਾਓ (459.1) ਨੇ ਸਿਲਵਰ ਮੈਡਲ ਜਿੱਤਿਆ। ਇਸ 18 ਸਾਲਾ ਭਾਰਤੀ ਨਿਸ਼ਾਨੇਬਾਜ਼ ਨੇ ਕੁਆਲੀਫਾਇੰਗ ਵਿਚ 1168 ਅੰਕ ਬਣਾ ਕੇ ਫਾਈਨਲਜ਼ ਵਿਚ ਥਾਂ ਸੁਰੱਖਿਅਤ ਕੀਤੀ। ਇਸ ਮੁਕਾਬਲੇ ਵਿਚ ਹਿੱਸਾ ਲੈ ਰਹੇ ਹੋਰ ਭਾਰਤੀਆਂ ਵਿਚ ਚੈਨ ਸਿੰਘ ਕੁਆਲੀਫਿਕੇਸ਼ਨ ਵਿਚ 17ਵੇਂ ਤੇ ਪਾਰੁਲ ਕੁਮਾਰ 20ਵੇਂ ਸਥਾਨ 'ਤੇ ਰਹੇ।

ਮਨੂ ਤੇ ਅਭਿਸ਼ੇਕ ਨੇ ਜਿੱਤਿਆ ਗੋਲਡ :

ਮਨੂ ਭਾਕਰ ਤੇ ਅਭਿਸ਼ੇਕ ਵਰਮਾ ਦੀ ਜੋੜੀ ਨੇ ਸੌਰਭ ਚੌਧਰੀ ਅਤੇ ਯਸ਼ਸਵਿਨੀ ਸਿੰਘ ਦੇਸ਼ਵਾਲ ਦੀ ਜੋੜੀ ਨੂੰ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿਚ 16-10 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।

ਸੰਜੀਵ ਰਾਜਪੂਤ ਤੋਂ ਬਾਅਦ ਦੂਜੇ ਭਾਰਤੀ :

ਮੱਧ ਪ੍ਰਦੇਸ਼ ਦੇ ਖਰਗੌਨ ਦੇ ਰਹਿਣ ਵਾਲੇ ਤੋਮਰ ਨੇ ਜਰਮਨੀ ਦੇ ਸੁਹਲ ਵਿਚ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ਵਿਚ ਰਾਈਫਲ ਥ੍ਰੀ ਪੋਜ਼ੀਸ਼ਨ ਵਿਚ ਜੂਨੀਅਰ ਵਰਗ ਵਿਚ ਵਿਸ਼ਵ ਰਿਕਾਰਡ ਬਣਾਇਆ ਸੀ। ਤੋਮਰ ਥ੍ਰੀ ਪੋਜ਼ੀਸ਼ਨ ਵਿਚ ਸੰਜੀਵ ਰਾਜਪੂਤ ਤੋਂ ਬਾਅਦ ਕੋਟਾ ਹਾਸਲ ਕਰਨ ਵਾਲੇ ਦੂਜੇ ਭਾਰਤੀ ਨਿਸ਼ਾਨੇਬਾਜ਼ ਹਨ।