ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ :ਚੀਨ ਦੇ ਸ਼ਹਿਰ ਚੇਂਗਦੂ ਵਿਖੇ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ (ਡਬਲਯੂਪੀਐੱਫਜੀ) ਦੌਰਾਨ ਪੰਜਾਬ ਵਿਜੀਲੈਂਸ ਬਿਓਰੋ ਏਆਈਜੀ ਅਸ਼ੀਸ਼ ਕਪੂਰ ਨੇ ਟੈਨਿਸ ਮੁਕਾਬਲਿਆਂ ਵਿਚ 2 ਸੋਨ ਤਮਗੇ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਉਨਾਂ ਨੇ ਟੈਨਿਸ ਦੇ ਸਿੰਗਲਜ਼ ਅਤੇ ਡਬਲਜ਼ ਵਰਗ ਵਿਚ ਆਪਣੇ ਵਿਰੋਧੀਆਂ ਨੂੰ ਅਸਾਨੀ ਨਾਲ ਹਰਾ ਕੇ ਸੋਨੇ ਦੇ ਤਮਗੇ ਜਿੱਤੇ ਹਨ।

ਜ਼ਿਕਰਯੋਗ ਹੈ ਕਿ ਡਬਲਯੂਪੀਐੱਫਜੀ ਖੇਡਾਂ ਹਰ ਦੋ ਸਾਲਾਂ ਬਾਅਦ ਹੁੰਦੀਆਂ ਹਨ ਅਤੇ ਇਨਾਂ ਮੁਕਾਬਲਿਆਂ ਵਿਚ ਦੁਨੀਆਂ ਭਰ ਦੇ ਪੁਲਿਸ ਅਤੇ ਫਾਇਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਿੱਸਾ ਲੈਂਦੇ ਹਨ ਜਿੰਨਾਂ ਲਈ ਇਹ ਖੇਡਾਂ ਇਕ ਕਿਸਮ ਦੀਆਂ ਮਿੰਨੀ ਓਲੰਪਿਕ ਵਰਗੀਆਂ ਹੁੰਦੀਆਂ ਹਨ। ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਏਆਈਜੀ ਕਪੂਰ ਨੇ ਉਕਤ ਖੇਡਾਂ ਵਿਚ ਲਗਾਤਾਰ ਚੌਥੀ ਵਾਰ ਸੋਨ ਤਮਗੇ ਜਿੱਤ ਕੇ ਦੇਸ਼ ਅਤੇ ਪੰਜਾਬ ਪੁਲਿਸ ਦਾ ਨਾਂ ਰੋਸ਼ਨ ਕੀਤਾ ਹੈ ਸਾਲ 2009 ਦੌਰਾਨ ਉਨ੍ਹਾਂ ਵੈਨਕੂਵਰ (ਕੈਨੇਡਾ) ਵਿਚ ਹੋਈਆਂ ਡਬਲਯੂਪੀਐੱਫਜੀ ਖੇਡਾਂ ਵਿਚ ਪਹਿਲੀ ਵਾਰ ਟੈਨਿਸ ਸਿੰਗਲਜ਼ ਵਿਚ ਕਾਂਸੇ ਦਾ ਤਮਗਾ, ਸਾਲ 2011 ਨਿਊਯਾਰਕ (ਅਮਰੀਕਾ) ਵਿਚ ਚਾਂਦੀ ਦਾ ਤਗਮਾ, ਸਾਲ 2013 ਦੌਰਾਨ ਬੈਲਫਾਸਟ (ਆਇਰਲੈਂਡ), ਸਾਲ 2015 ਫੇਅਰਫੈਕਸ (ਅਮਰੀਕਾ) ਅਤੇ ਸਾਲ 2017 ਲਾਸ ਏਂਜਲਸ (ਅਮਰੀਕਾ) ਵਿਚ ਲਗਾਤਾਰ ਸੋਨ ਤਮਗੇ ਜਿੱਤੇ ਸਨ।

ਜ਼ਿਕਰਯੋਗ ਹੈ ਕਿ ਅਸ਼ੀਸ ਕਪੂਰ ਪਿਛਲੇ 15 ਸਾਲਾਂ ਤੋਂ ਟੈਨਿਸ ਸਿੰਗਲਜ਼ ਵਿਚ ਆਲ ਇੰਡੀਆ ਪੁਲਿਸ ਖੇਡਾਂ ਦੇ ਚੈਂਪੀਅਨ ਹਨ ਅਤੇ ਉਹ ਬੇਹਤਰੀਨ ਰੈਂਕਿੰਗ ਵਾਲੇ ਖਿਡਾਰੀ ਹਨ।