ਨਵੀਂ ਦਿੱਲੀ (ਜੇਐੱਨਐੱਨ) : ਟੋਕੀਓ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪੈਰਿਸ ਵਿਚ 2024 ਵਿਚ ਹੋਣ ਵਾਲੇ ਓਲੰਪਿਕ ਦੀ ਤਿਆਰੀ ਦੇ ਮੱਦੇਨਜ਼ਰ ਵੱਖ-ਵੱਖ ਖੇਡਾਂ ਵਿਚ ਮੁੱਖ ਕੋਚਾਂ ਸਮੇਤ ਮਾਹਿਰਾਂ ਦੇ ਜ਼ਿਆਦਾਤਰ ਖ਼ਾਲੀ ਅਹੁਦਿਆਂ 'ਤੇ ਨਿਯੁਕਤੀ ਅਗਲੇ ਮਹੀਨੇ ਦੇ ਅੰਤ ਤਕ ਹੋ ਜਾਵੇਗੀ। ਕਈ ਕੋਚਾਂ ਤੇ ਮਾਹਿਰਾਂ ਦਾ ਕਾਰਜਕਾਲ ਟੋਕੀਓ ਓਲੰਪਿਕ ਤਕ ਹੀ ਸੀ ਜਿਸ ਤੋਂ ਬਾਅਦ ਮਹਿਲਾ ਹਾਕੀ ਟੀਮ ਦੇ ਕੋਚ ਸਮੇਤ ਕਈ ਅਹੁਦੇ ਖ਼ਾਲੀ ਹਨ।

ਟੋਕੀਓ ਓਲੰਪਿਕ ਵਿਚ ਭਾਰਤ ਨੇ ਹੁਣ ਤਕ ਦਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਇਕ ਗੋਲਡ ਸਮੇਤ ਸੱਤ ਮੈਡਲ ਜਿੱਤੇ। ਪ੍ਰਧਾਨ ਮੰਤਰੀ ਮੋਦੀ ਨੇ ਸੁਤੰਤਰਤਾ ਦਿਵਸ 'ਤੇ ਆਪਣੇ ਸੰਬੋਧਨ ਵਿਚ ਖੇਡਾਂ ਵਿਚ ਯੋਗਤਾ, ਤਕਨੀਕ ਤੇ ਪੇਸ਼ੇਵਰ ਰਵੱਈਆ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਤੇ ਵਿਆਪਕ ਕਰਨ ਦੀ ਗੱਲ ਕਹੀ ਸੀ।

ਸਰਕਾਰ ਨੇ ਸੰਸਦ ਦੀ ਇਕ ਕਮੇਟੀ ਨੂੰ ਦੱਸਿਆ ਕਿ ਵੱਖ ਵੱਖ ਖੇਡਾਂ ਵਿਚ ਮੁੱਖ ਕੋਚ, ਸੀਨੀਅਰ ਕੋਚ ਸਮੇਤ ਮਾਹਿਰਾਂ ਦੀ ਭਰਤੀ ਪ੍ਰਕਿਰਿਆ ਦੇ ਤਹਿਤ ਇਸ ਸਾਲ ਸਤੰਬਰ ਦੇ ਅੰਤ ਤਕ ਕਰਾਰ ਜਾਂ ਪ੍ਰਤੀਨਿਯੁਕਤੀ ਦੇ ਆਧਾਰ 'ਤੇ 536 ਕੋਚਾਂ ਦੇ ਖ਼ਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ। ਯੁਵਾ ਮਾਮਲੇ ਅਤੇ ਖੇਡ ਵਿਭਾਗ ਵੱਲੋਂ ਮਹਿਲਾ, ਬਾਲ ਅਤੇ ਖੇਡ ਸਬੰਧੀ ਸਸੰਦ ਦੀ ਸਥਾਈ ਕਮੇਟੀ ਦੇ ਸਾਹਮਣੇ ਪੇਸ਼ ਅੰਕੜਿਆਂ ਮੁਤਾਬਕ, ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਵੀ ਸੀਨੀਅਰ ਕੋਚ, ਕੋਚ ਅਤੇ ਸਹਾਇਕ ਕੋਚਾਂ ਦੇ 308 ਅਹੁਦੇ ਖ਼ਾਲੀ ਰਹਿਣਗੇ।

ਭਾਰਤੀ ਪੈਰਾ-ਓਲੰਪਿਕ ਖਿਡਾਰੀਆਂ ਦੀ ਟੀਮ ਟੋਕੀਓ ਰਵਾਨਾ

ਨਵੀਂ ਦਿੱਲੀ : ਭਾਰਤੀ ਖਿਡਾਰੀਆਂ ਦੀ ਟੀਮ ਬੁੱਧਵਾਰ ਨੂੰ ਟੋਕੀਓ ਪੈਰਾ ਓਲੰਪਿਕ ਲਈ ਰਵਾਨਾ ਹੋ ਗਈ ਜਿਸ ਵਿਚ ਭਾਰਤ ਦੇ ਝੰਡਾ ਬਰਦਾਰ ਮਰੀਅੱਪਨ ਥੰਗਾਵੇਲੂ ਵੀ ਸ਼ਾਮਲ ਹਨ। ਇਸ ਟੀਮ ਨੂੰ ਵਿਦਾਈ ਦੇਣ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੇਡ ਮੰਤਰਾਲਾ, ਭਾਰਤੀ ਖੇਡ ਅਥਾਰਟੀ ਤੇ ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਦੇ ਅਧਿਕਾਰੀ ਮੌਜੂਦ ਸਨ। ਮਰੀਅੱਪਨ ਤੋਂ ਇਲਾਵਾ ਪੀਸੀਆਈ ਦੀ ਪ੍ਰਧਾਨ ਦੀਪਾ ਮਲਿਕ ਵੀ ਇਸ ਟੀਮ ਵਿਚ ਮੌਜੂਦ ਸੀ। ਪੈਰਾਲੰਪਿਕ 24 ਅਗਸਤ ਤੋਂ ਸ਼ੁਰੂ ਹੋਣਗੇ ਤੇ ਭਾਰਤ 25 ਅਗਸਤ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।