ਆਬੂਧਾਬੀ (ਏਪੀ) : ਬੇਲਾਰੂਸ ਦੀ ਚੌਥਾ ਦਰਜਾ ਹਾਸਲ ਆਰਿਅਨਾ ਸਬਾਲੇਂਕਾ ਨੇ ਬੁੱਧਵਾਰ ਨੂੰ ਇੱਥੇ ਆਬੂਧਾਬੀ ਓਪਨ ਟੈਨਿਸ ਫਾਈਨਲ ਵਿਚ ਵੇਰੋਨਿਕਾ ਕੁਦੇਰਮੇਤੋਵਾ ਨੂੰ 6-2, 6-2 ਨਾਲ ਹਰਾ ਕੇ ਲਗਾਤਾਰ ਤੀਜਾ ਟੂਰ ਖ਼ਿਤਾਬ ਆਪਣੇ ਨਾਂ ਕੀਤਾ। ਨਾਲ ਹੀ ਉਨ੍ਹਾਂ ਨੇ ਲਗਾਤਾਰ 15ਵੇਂ ਮੈਚ ਵਿਚ ਜਿੱਤ ਵੀ ਦਰਜ ਕੀਤੀ। ਸਬਾਲੇਂਕਾ ਨੇ ਪਿਛਲੇ ਸੈਸ਼ਨ ਦੇ ਅੰਤ ਵਿਚ ਓਸਤ੍ਰਾਵਾ ਤੇ ਲਿੰਜ ਵਿਚ ਦੋ ਇੰਡੋਰ ਟੂਰਨਾਮੈਂਟ ਜਿੱਤੇ ਸਨ। ਉਹ ਅਕਤੂਬਰ ਵਿਚ ਫਰੈਂਚ ਓਪਨ ਦੇ ਚੌਥੇ ਗੇੜ ਵਿਚ ਹਾਰ ਗਈ ਸੀ। ਇਸ ਖ਼ਿਤਾਬ ਨਾਲ ਸਬਾਲੇਂਕਾ ਰੈਂਕਿੰਗ ਵਿਚ ਤਿੰਨ ਸਥਾਨ ਦੇ ਸੁਧਾਰ ਨਾਲ ਸੱਤਵੇਂ ਸਥਾਨ 'ਤੇ ਪੁੱਜ ਜਾਵੇਗੀ। ਡਬਲਯੂਟੀਏ ਨੇ ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਅਨ ਓਪਨ ਦੇ ਫਰਵਰੀ ਵਿਚ ਕਰਵਾਏ ਜਾਣ ਦੇ ਫ਼ੈਸਲੇ ਤੋਂ ਬਾਅਦ ਖਿਡਾਰੀਆਂ ਨੂੰ ਮੈਚ ਟਾਈਮ ਦੇਣ ਲਈ ਜਲਦਬਾਜ਼ੀ ਵਿਚ ਆਬੂਧਾਬੀ ਵਿਚ ਟੂਰਨਾਮੈਂਟ ਕਰਵਾਇਆ। ਸਬਾਲੇਂਕਾ ਤੇ ਕੁਦੇਰਮੇਤੋਵਾ ਹੁਣ ਆਸਟ੍ਰੇਲੀਆ ਰਵਾਨਾ ਹੋਣਗੀਆਂ ਜਿੱਥੇ ਉਹ ਕੁਆਰੰਟਾਈਨ ਵਿਚ ਰਹਿਣਗੀਆਂ ਜਿਸ ਵਿਚ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਸੀਮਤ ਅਭਿਆਸ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ ਤੇ ਖਿਡਾਰੀਆਂ ਲਈ ਵਾਰਮ-ਅਪ ਟੂਰਨਾਮੈਂਟ ਵੀ ਹੋਣਗੇ।