ਨਿਊਯਾਰਕ (ਪੀਟੀਆਈ) : ਭਾਰਤੀ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਨੇ ਕ੍ਰਿਸਟੋਫਰ ਯੂ ਨੂੰ ਟਾਈਬ੍ਰੇਕਰ ਵਿਚ ਹਰਾ ਕੇ ਸ਼ੁੱਕਰਵਾਰ ਨੂੰ ਇੱਥੇ ਜੂਲੀਅਸ ਬੇਅਰ ਜਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤ ਦੇ ਹੀ ਇਕ ਹੋਰ ਖਿਡਾਰੀ ਰਮੇਸ਼ਬਾਬੂ ਪ੍ਰਗਨਾਨੰਦ ਹਾਲਾਂਕਿ ਜਰਮਨੀ ਦੇ ਵਿੰਸੇਂਟ ਕੀਮਰ ਹੱਥੋਂ 1-3 ਨਾਲ ਹਾਰ ਕੇ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੇ।

ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਲੇਵੋਨ ਆਰੋਨੀਅਨ ਨੂੰ ਹਰਾਉਣ ਵਾਲੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸੈਮੀਫਾਈਨਲ ਵਿਚ ਕੀਮਰ ਦਾ ਸਾਹਮਣਾ ਕਰਨਗੇ ਜਦਕਿ ਦੂਜਾ ਸੈਮੀਫਾਈਨਲ ਵੀਅਤਨਾਮ ਦੇ ਲੀਮ ਕਵਾਂਗ ਲੇ ਤੇ ਏਰੀਗੈਸੀ ਵਿਚਾਲੇ ਖੇਡਿਆ ਜਾਵੇਗਾ। ਏਰੀਗੈਸੀ ਤੇ 15 ਸਾਲਾ ਯੂ ਚਾਰ ਰੈਪਿਡ ਬਾਜ਼ੀਆਂ ਤੋਂ ਬਾਅਦ 2-2 ਨਾਲ ਬਰਾਬਰੀ 'ਤੇ ਸਨ। ਇਸ ਤੋਂ ਬਾਅਦ ਬਲਿਟਜ ਟਾਈਬ੍ਰੇਕਰ ਦਾ ਸਹਾਰਾ ਲਿਆ ਗਿਆ ਜਿਸ ਵਿਚ ਏਰੀਗੈਸੀ ਨੇ ਪਹਿਲੀ ਬਾਜ਼ੀ ਜਿੱਤੀ ਤੇ ਫਿਰ ਦੂਜੀ ਬਾਜ਼ੀ ਡਰਾਅ ਕਰਵਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ।

ਪ੍ਰਗਨਾਨੰਦ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਹ ਪਹਿਲੀ ਬਾਜ਼ੀ ਹਾਰ ਗਏ। ਇਸ ਤੋਂ ਬਾਅਦ ਅਗਲੀਆਂ ਦੋ ਬਾਜ਼ੀਆਂ ਡਰਾਅ ਰਹੀਆਂ। ਇਸ ਕਾਰਨ ਭਾਰਤੀ ਖਿਡਾਰੀ ਨੇ ਚੌਥੀ ਬਾਜ਼ੀ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਸੀ ਪਰ ਉਹ ਉਸ ਨੂੰ ਹਾਰ ਗਏ ਤੇ ਇਸ ਤਰ੍ਹਾਂ ਕੁਆਰਟਰ ਫਾਈਨਲ 'ਚੋਂ ਬਾਹਰ ਹੋ ਗਏ। ਕਾਰਲਸਨ ਨੇ ਆਰੋਨੀਅਨ ਖ਼ਿਲਾਫ਼ ਪਹਿਲੀ ਬਾਜ਼ੀ ਗੁਆਉਣ ਦੇ ਬਾਵਜੂਦ ਅਗਲੀਆਂ ਤਿੰਨ ਬਾਜ਼ੀਆਂ ਜਿੱਤ ਕੇ 3-1 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਲੀਮ ਕਵਾਂਗ ਲੇ ਨੇ ਇਕ ਹੋਰ ਮੁਕਾਬਲੇ ਵਿਚ ਹੈਂਸ ਨੀਮਨ ਨੂੰ 2.5-1.5 ਨਾਲ ਹਰਾਇਆ।

Posted By: Gurinder Singh