-ਮੈਸੀ ਨੇ ਦੋ ਗੋਲ ਕਰਨ 'ਚ ਨਿਭਾਈ ਅਹਿਮ ਭੂਮਿਕਾ

ਨੰਬਰ ਗੇਮ

-161ਵਾਂ ਮੈਚ ਮੈਸੀ ਨੇ ਅਰਜਨਟੀਨਾ ਲਈ ਖੇਡਿਆ

ਲੰਡਨ (ਏਪੀ) : ਅਰਜਨਟੀਨਾ ਨੇ ਇਟਲੀ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲਿਸਿਮਾ ਟਰਾਫੀ 'ਤੇ ਆਪਣਾ ਕਬਜ਼ਾ ਕੀਤਾ। ਇਸ ਮੈਚ ਵਿਚ ਚਾਹੇ ਟੀਮ ਦੇ ਸਟਾਰ ਖਿਡਾਰੀ ਲਿਓਨ ਮੈਸੀ ਕੋਈ ਗੋਲ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਦੋ ਗੋਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ।

ਜ਼ਿਕਰਯੋਗ ਹੈ ਕਿ ਫਾਈਨਲਿਸਿਮਾ ਟਰਾਫੀ ਦੱਖਣੀ ਅਮਰੀਕਾ ਤੇ ਯੂਰਪੀ ਚੈਂਪੀਅਨ ਟੀਮ ਵਿਚਾਲੇ ਖੇਡੀ ਜਾਂਦੀ ਹੈ। ਇਸ ਤੋਂ ਪਹਿਲਾਂ ਅਰਜਨਟੀਨਾ ਵੱਲੋਂ ਲਾਉਤਾਰੋ ਮਾਰਟੀਨੇਜ ਨੇ 28ਵੇਂ ਮਿੰਟ ਵਿਚ ਮੈਸੀ ਦੇ ਪਾਸ 'ਤੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਪਹਿਲਾ ਅੱਧ ਖ਼ਤਮ ਹੋਣ ਤੋਂ ਪਹਿਲਾਂ ਇੰਜਰੀ ਸਮੇਂ ਵਿਚ ਏਂਜੇਲ ਡੀ ਮਾਰੀਆ ਨੇ ਮਾਰਟੀਨੇਜ ਦੇ ਪਾਸ 'ਤੇ ਗੋਲ ਕਰ ਕੇ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਦੂਜੇ ਅੱਧ ਵਿਚ ਇਕ ਤਰ੍ਹਾਂ ਜਿੱਥੇ ਅਰਜਨਟੀਨਾ ਆਪਣੀ ਬੜ੍ਹਤ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਵਿਚ ਰਿਹਾ ਤਾਂ ਉਥੇ ਇਟਲੀ ਦੀ ਟੀਮ ਫ਼ਰਕ ਨੂੰ ਘੱਟ ਕਰਨ ਲਈ ਲੜੀ। ਹਾਲਾਂਕਿ ਇਟਲੀ ਦੀ ਟੀਮ ਨੂੰ ਕਾਮਯਾਬੀ ਨਹੀਂ ਮਿਲੀ ਪਰ ਅਰਜਨਟੀਨਾ ਦੇ ਪਾਉਲੇ ਡਿਬਾਲਾ ਨੇ ਮੈਸੀ ਦੇ ਪਾਸ 'ਤੇ ਇੰਜਰੀ ਸਮੇਂ ਵਿਚ ਗੋਲ ਕਰ ਕੇ ਮੈਚ ਇਕਤਰਫ਼ਾ ਬਣਾ ਦਿੱਤਾ।