ਪਟਿਆਲਾ : ਸਪੇਨ ਦੇ ਸ਼ਹਿਰ ਮੈਡਰਿਡ ਵਿਖੇ ਹੋਈ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਆਰਚਰੀ ਸੈਂਟਰ ਦੇ ਖਿਡਾਰੀ ਸੁਖਬੀਰ ਸਿੰਘ ਨੇ ਮਿਕਸ ਟੀਮ ਇਵੈਂਟ ਵਿਚ ਗੋਲਡ ਅਤੇ ਕੰਪਾਊਂਡ ਟੀਮ ਇਵੈਂਟ ਵਿਚ ਬਰੌਂਜ ਮੈਡਲ ਜਿੱਤਣ ਦਾ ਮਾਣ ਹਾਸਲ ਕੀਤਾ। ਇਸੇ ਯੂਨੀਵਰਸਿਟੀ ਦੇ ਆਰਚਰੀ ਸੈਂਟਰ ਦੇ ਕੋਚ ਗੌਰਵ ਸ਼ਰਮਾ ਅਧੀਨ ਸਿਖਲਾਈ ਲੈ ਰਹੇ ਸੰਗਮਪ੍ਰੀਤ ਸਿੰਘ ਬਿਸਲਾ (ਖ਼ਾਲਸਾ ਕਾਲਜ) ਨੇ ਕੰਪਾਊਂਡ ਟੀਮ ਇਵੈਂਟ ਵਿਚ ਬਰੌਂਜ ਮੈਡਲ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਅਤੇ ਖੇਡ ਡਾਇਰੈਕਟਰ ਡਾ. ਗੁਰਦੀਪ ਕੌਰ ਵੱਲੋਂ ਇਨ੍ਹਾਂ ਖਿਡਾਰੀਆਂ ਅਤੇ ਉਹਨਾਂ ਦੇ ਕੋਚਾਂ ਦੇ ਯੂਨੀਵਰਸਿਟੀ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ। ਉਹਨਾਂ ਵਲੋਂ ਖਿਡਾਰੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ 'ਤੇ ਕੋਚਾਂ ਨੂੰ ਵਿਸ਼ੇਸ ਤੌਰ 'ਤੇ ਮੁਬਾਰਕਬਾਦ ਦਿੱਤੀ।