ਨਵੀਂ ਦਿੱਲੀ (ਜੇਐੱਨਐੱਨ) : ਅਹੂਰਾ ਰੇਸਿੰਗ ਦੀ ਅਨੁਸ਼੍ਰੀਆ ਗੁਲਾਟੀ ਨੇ ਐਤਵਾਰ ਨੂੰ ਕੋਇੰਬਟੂਰ ਵਿਚ ਖ਼ਤਮ ਹੋਈ ਜੇਕੇ ਟਾਇਰ ਐੱਫਐੱਮਐੱਸਸੀਆਈ ਨੈਸ਼ਨਲ ਰੇਸਿੰਗ ਚੈਂਪੀਅਨਸ਼ਿਪ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਦੋਹਰਾ ਖ਼ਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਐੱਲਜੀਬੀ-4 ਰੂਕੀ ਵਰਗ ਦੇ ਖ਼ਿਤਾਬ ਦੇ ਨਾਲ ਮਹਿਲਾ ਵਰਗ ਦਾ ਖ਼ਿਤਾਬ ਵੀ ਆਪਣੇ ਨਾਂ ਕੀਤਾ। ਹਰਫ਼ਨਮੌਲਾ ਅਨੁਸ਼੍ਰੀਆ ਨਿਸ਼ਾਨੇਬਾਜ਼ੀ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ ਜਦਕਿ ਬਾਸਕਟਬਾਲ ਵਿਚ ਆਪਣੇ ਸੂਬੇ ਉੱਤਰਾਖੰਡ ਦੀ ਨੁਮਾਇੰਦਗੀ ਕਰਦੀ ਹੈ। ਬਾਈਕ ਰੇਸ ਵਿਚ ਵੀ ਉਸ ਦੇ ਨਾਂ ਕਈ ਖ਼ਿਤਾਬ ਹਨ। ਅਨੁਸ਼੍ਰੀਆ ਨੇ ਕਿਹਾ ਇਕ ਸਾਲ ਪਹਿਲਾਂ ਹੀ ਫਾਰਮੂਲਾ ਰੇਸਿੰਗ ਵਿਚ ਪ੍ਰਵੇਸ਼ ਕੀਤਾ ਤੇ ਦੂਜੇ ਹੀ ਸਾਲ ਵਿਚ ਨੈਸ਼ਨਲ ਰੇਸਿੰਗ ਚੈਂਪੀਅਨਸ਼ਿਪ ਵਿਚ ਦੋ ਖ਼ਿਤਾਬ ਜਿੱਤ ਕੇ ਮੈਂ ਰੋਮਾਂਚਤ ਹਿਸੂਸ ਕਰ ਰਹੀ ਹਾਂ।

ਚੈਲੰਜਰ ਟੂਰਨਾਮੈਂਟ ਖੇਡਣਗੇ ਐਂਡੀ ਮਰੇ

ਰੋਮ (ਏਪੀ) : ਕੋਰੋਨਾ ਵਾਇਰਸ ਪਾਜ਼ੇਟਿਵ ਆਉਣ 'ਤੇ ਆਸਟ੍ਰੇਲੀਅਨ ਓਪਨ ਤੋਂ ਹਟਣ ਵਾਲੇ ਐਂਡੀ ਮਰੇ ਅਗਲੇ ਮਹੀਨੇ ਇਟਲੀ ਵਿਚ ਚੈਲੰਜਰ ਟੂਰਨਾਮੈਂਟ ਵਿਚ ਖੇਡਣਗੇ। ਇਟਲੀ ਟੈਨਿਸ ਮਹਾਸੰਘ ਨੇ ਬੁੱਧਵਾਰ ਨੂੰ ਕਿਹਾ ਕਿ ਮਰੇ ਬਿਏਲਾ ਵਿਚ ਇੰਡੋਰ ਟੂਰਨਾਮੈਂਟ ਵਿਚ ਖੇਡਣਗੇ ਜੋ 15 ਫਰਵਰੀ ਤੋਂ ਸ਼ੁਰੂ ਹੋਵੇਗਾ। ਮਰੇ ਮੈਲਬੌਰਨ ਲਈ ਚਾਰਟਰਡ ਜਹਾਜ਼ ਲੈਣ ਤੋਂ ਪਹਿਲਾਂ ਹੋਈ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਸਨ। ਆਸਟ੍ਰੇਲੀਅਨ ਓਪਨ ਵਿਚ ਉਨ੍ਹਾਂ ਨੂੰ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਸੀ।

ਦੋ ਖਿਡਾਰੀਆਂ 'ਤੇ ਉਮਰ ਭਰ ਦੀ ਪਾਬੰਦੀ

ਲੰਡਨ (ਏਪੀ) : ਰੂਸ ਦੀਆਂ ਦੋ ਟੈਨਿਸ ਖਿਡਾਰਨਾਂ 'ਤੇ ਮੈਚ ਫਿਕਸਿੰਗ ਵਿਚ ਸ਼ਾਮਲ ਹੋਣ ਕਾਰਨ ਬੁੱਧਵਾਰ ਨੂੰ ਉਮਰ ਭਰ ਦੀ ਪਾਬੰਦੀ ਲਾ ਦਿੱਤੀ ਗਈ ਹੈ। ਅੰਤਰਰਾਸ਼ਟਰੀ ਟੈਨਿਸ ਇੰਟੀਗ੍ਰੀਟੀ (ਆਈਟੀਏ) ਨੇ ਕਿਹਾ ਕਿ ਅਲੀਜਾ ਮਰਦੀਵਾ ਨੂੰ ਮੈਚ ਫਿਕਸਿੰਗ ਦੇ ਦੋਸ਼ਾਂ ਵਿਚ ਦੋਸ਼ੀ ਪਾਇਆ ਗਿਆ ਹੈ। ਸੋਫੀਆ ਦਿਮੀਤ੍ਰੀਵਾ 'ਤੇ ਮੈਚ ਫਕਿਸਿੰਗ ਦੇ ਛੇ ਦੋਸ਼ ਸਹੀ ਪਾਏ ਗਏ ਹਨ। ਉਸ 'ਤੇ ਜਾਂਚ ਵਿਚ ਸਹਿਯੋਗ ਨਾ ਕਰਨ ਦਾ ਵੀ ਦੋਸ਼ ਹੈ। ਆਈਟੀਏ ਨੇ ਕਿਹਾ ਕਿ ਇਸ ਮਾਮਲੇ ਵਿਚ ਕਈ ਮੈਚਾਂ 'ਤੇ ਗ਼ੌਰ ਕੀਤਾ ਗਿਆ। ਇਨ੍ਹਾਂ ਵਿਚ ਉਹ ਦੋ ਮੈਚ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਇਹ ਦੋਵੇਂ ਡਬਲਜ਼ ਜੋੜੀਦਾਰ ਦੇ ਰੂਪ ਵਿਚ ਖੇਡੀਆਂ ਸਨ।