ਨਾਂਤੇਸ (ਏਐੱਫਪੀ) : ਮੌਜੂਦਾ ਵਿਸ਼ਵ ਚੈਂਪੀਅਨ ਫਰਾਂਸ ਨੇ ਐਤਵਾਰ ਨੂੰ ਇਕ ਦੋਸਤਾਨਾ ਮੁਕਾਬਲੇ ਵਿਚ ਬੋਲੀਵੀਆ ਨੂੰ 2-0 ਨਾਲ ਹਰਾ ਦਿੱਤਾ ਜਿੱਥੇ ਫਰਾਂਸ ਦੇ ਫੁੱਟਬਾਲ ਸਟਾਰ ਏਂਟੋਨੀ ਗ੍ਰੀਜ਼ਮੈਨ ਨੇ ਗੋਲ ਕਰ ਕੇ ਇਸ ਜਿੱਤ ਵਿਚ ਆਪਣੀ ਚਮਕ ਬਿਖੇਰੀ। ਫਰਾਂਸ ਨੂੰ ਇਹ ਜਿੱਤ ਉਸ ਦੇ ਯੂਰੋ ਕੱਪ 2020 ਦੇ ਕੁਆਲੀਫਾਇੰਗ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਠੀਕ ਪਹਿਲਾਂ ਮਿਲੀ ਹੈ। ਖੇਡ ਦੇ ਪੰਜਵੇਂ ਮਿੰਟ ਵਿਚ ਥਾਮਸ ਲੇਮਾਰ ਨੇ ਗੋਲ ਕਰ ਕੇ ਫਰਾਂਸ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਅਤੇ ਫਿਰ ਪਿਛਲੇ ਦਿਨੀਂ ਸਪੈਨਿਸ਼ ਕਲੱਬ ਏਟਲੇਟਿਕੋ ਮੈਡਿਰਡ ਨੂੰ ਛੱਡਣ ਦਾ ਐਲਾਨ ਕਰਨ ਵਾਲੇ ਗ੍ਰੀਜ਼ਮੈਨ ਨੇ ਅੱਧੇ ਸਮੇਂ ਤੋਂ ਦੋ ਮਿੰਟ ਪਹਿਲਾਂ ਗੋਲ ਕਰ ਕੇ ਫਰਾਂਸ ਨੂੰ ਦੋਹਰੀ ਬੜ੍ਹਤ ਦਿਵਾਈ। ਇਸ ਗੋਲ ਨਾਲ ਗ੍ਰੀਜ਼ਮੈਨ ਫਰਾਂਸ ਦੇ ਲਈ ਆਲ ਟਾਈਮ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਅੱਠਵੇਂ ਸਥਾਨ 'ਤੇ ਪੁੱਜ ਗਏ। ਆਪਣਾ 29ਵਾਂ ਅੰਤਰਰਾਸ਼ਟਰੀ ਗੋਲ ਕਰਨ ਨਾਲ ਹੀ ਗ੍ਰੀਜ਼ਮੈਨ ਨੇ 1998 ਵਿਸ਼ਵ ਕੱਪ ਜੇਤੂ ਫਰਾਂਸ ਦੀ ਟੀਮ ਦੇ ਮੈਂਬਰ ਰਹੇ ਯਾਰੀ ਜੋਰਕੈਫ ਨੂੰ ਪਛਾੜ ਦਿੱਤਾ। ਹੁਣ ਉਹ ਫਰਾਂਸ ਦੇ ਦਿੱਗਜ ਜਸਟ ਫੋਂਟੇਨ ਤੇ ਪੀਨ ਪੀਅਰੇ ਪਾਪਿਨ ਤੋਂ ਇਕ, ਜਦਕਿ ਜਿਨੇਦਿਨ ਜਿਦਾਨ ਤੋਂ ਦੋ ਗੋਲ ਪਿੱਛੇ ਹਨ। ਬੋਲੀਵੀਆ ਖ਼ਿਲਾਫ਼ ਮੁਕਾਬਲੇ ਦੌਰਾਨ ਫਰਾਂਸ ਦੇ ਨੌਜਵਾਨ ਸਟਾਰ ਕਾਇਲੀਅਨ ਐਮਬਾਪੇ ਗਿੱਟੇ ਦੀ ਸੱਟ ਕਾਰਨ ਅੱਧੇ ਸਮੇਂ ਤੋਂ ਬਾਅਦ ਖੇਡਣ ਨਹੀਂ ਉਤਰ ਸਕੇ। ਯੂਰੋ ਕੱਪ ਕੁਆਲੀਫਾਇੰਗ ਟੂਰਨਾਮੈਂਟ ਵਿਚ ਹੁਣ ਕੋਚ ਦਿਦਿਏਰ ਡੇਸਚੈਂਪਸ ਦੀ ਫਰਾਂਸੀਸੀ ਟੀਮ ਅੱਠ ਜੂਨ ਨੂੰ ਗਰੁੱਪ-ਐੱਚ ਵਿਚ ਤੁਰਕੀ ਖ਼ਿਲਾਫ਼ ਮੈਦਾਨ ਵਿਚ ਉਤਰੇਗੀ।