ਕਰਮਪਾਲ ਸਿੰਘ, ਜੀਂਦ : ਭਾਰਤੀ ਮਹਿਲਾ ਪਹਿਲਵਾਨੀ ਦਾ ਚਕਮਦਾ ਸਿਤਾਰਾ ਹੈ ਅੰਸ਼ੂ ਮਲਿਕ। ਦੋ ਸਾਲ ਪਹਿਲਾਂ ਜੂਨੀਅਰ ਵਰਗ 'ਚ ਹੁੰਦੇ ਹੋਏ ਵੀ ਸੀਨੀਅਰ ਵਰਗ 'ਚ ਨੈਸ਼ਨਲ ਖੇਡਿਆ ਤੇ ਗੋਲਡ ਮੈਡਲ ਜਿੱਤਿਆ। ਇਕ ਤੋਂ ਬਾਅਦ ਇਕ ਜਿੱਤ ਦਰਜ ਕਰਦੇ ਹੋਏ 57 ਕਿਗ੍ਰਾ ਭਾਰ ਵਰਗ 'ਚ ਦੇਸ਼ ਦੀ ਨੰਬਰ ਵਨ ਪਹਿਲਵਾਨ ਬਣ ਗਈ। ਹੁਣ ਟੋਕੀਓ ਓਲੰਪਿਕ 'ਚ ਦੇਸ਼ ਨੂੁੰ ਮੈਡਲ ਦਿਵਾਉਣ ਲਈ ਅੰਸ਼ੂ ਨੇ ਸੋਮਵਾਰ ਤੋਂ ਪੋਲੈਂਡ 'ਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ।

ਇਸ ਦੌਰਾਨ ਅੰਸ਼ੂ ਨੇ ਕਿਹਾ ਕਿ ਓਲੰਪਿਕ 'ਚ ਮੇਰੇ ਸਾਹਮਣੇ ਜਾਪਾਨ, ਚੀਨ ਤੇ ਨਾਈਜ਼ਰੀਆ ਦੀਆਂ ਚਾਰ-ਪੰਜ ਮਜ਼ਬੂਤ ਮਹਿਲਾ ਪਹਿਲਵਾਨ ਹੋਣਗੀਆਂ। ਓਲੰਪਿਕ ਕੋਟਾ ਮਿਲਣ ਤੋਂ ਬਾਅਦ ਪਿਛਲੇ ਇਕ ਮਹੀਨੇ ਤੋਂ ਇਨ੍ਹਾਂ ਸਾਰੇ ਮੁਕਾਬਲੇਬਾਜ਼ਾਂ ਦੇ ਵੀਡੀਓ ਦੇਖੇ ਹਨ ਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਤੇ ਮਜ਼ਬੂਤੀਆਂ ਨੂੰ ਨੋਟ ਕੀਤਾ ਹੈ। ਹੁਣ ਮੇਰਾ ਧਿਆਨ ਇਹ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਪਹਿਲਵਾਨਾਂ ਨੂੰ ਹਰਾਇਆ ਜਾ ਸਕਦਾ ਹੈ। ਇਨ੍ਹਾਂ ਦੇ ਅਟੈਕ ਤੋਂ ਕਿਵੇਂ ਬਚਿਆ ਜਾਵੇ, ਕਿੱਥੋਂ ਅਟੈਕ ਕੀਤਾ ਜਾਵੇ, ਪੁਆਇੰਟ ਕਿਵੇਂ ਹਾਸਲ ਕਰਨੇ ਹਨ, ਇਨ੍ਹਾਂ ਸਾਰੀਆਂ ਚੀਜ਼ਾਂ 'ਤੇ ਪਿਛਲੇ ਇਕ ਮਹੀਨੇ ਤੋਂ ਕੰਮ ਕਰ ਰਹੀ ਹਾਂ। ਪੰਜ ਜੂਨ ਦੀ ਰਾਤ ਨੂੰ ਦਿੱਲੀ ਤੋਂ ਪੋਲੈਂਡ ਲਈ ਰਵਾਨਾ ਹੋਈ ਸੀ। ਇੱਥੇ 9 ਤੋਂ 11 ਜੂਨ ਤਕ ਰੈਂਕਿੰਗ ਟੂਰਨਾਮੈਂਟ 'ਚ ਹਿੱਸਾ ਲਵਾਂਗੀ। ਇਸ ਤੋਂ ਬਾਅਦ ਇਕ ਮਹੀਨੇ ਤਕ ਭਾਰਤੀ ਟੀਮ ਦਾ ਇੱਥੇ ਹੀ ਕੈਂਪ ਲੱਗੇਗਾ। ਪਾਰਟਨਰਸ਼ਿਪ ਲਈ ਸੀਨੀਅਰ ਖਿਡਾਰੀ ਅਨੀਤਾ ਸ਼ਯੋਰਾਨ ਆਈ ਹੈ। ਉਨ੍ਹਾਂ ਕਾਫੀ ਚੰਗਾ ਸਾਥ ਮਿਲ ਰਿਹਾ ਹੈ। ਟੋਕੀਓ ਓਲੰਪਿਕ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਗਰਾਊਂਡ ਪੋਜੀਸ਼ਨ ਦੀ ਕਮਜ਼ੋਰੀ ਦੂਰ ਕਰਨ 'ਤੇ ਫੋਕਸ : ਦੇਸ਼ 'ਚ ਹਰ ਸਮੇਂ ਅੰਸ਼ੂ ਨਾਲ ਰਹਿਣ ਵਾਲੇ ਪਿਤਾ ਧਰਮਵੀਰ ਮਲਿਕ ਦੱਸਦੇ ਹਨ ਕਿ ਗਰਾਊਂਡ ਪੋਜੀਸ਼ਨ 'ਚ ਬੇਟੀ ਥੋੜੀ ਕਮਜ਼ੋਰ ਹੈ। ਉਸ ਨੂੰ ਦੂਰ ਕਰਨ 'ਤੇ ਫੋਕਸ ਕੀਤਾ ਹੈ। ਸਟੈਂਡਿੰਗ 'ਚ ਕਾਫੀ ਮਜ਼ਬੂਤ ਹੈ ਤੇ ਉਸ ਨੂੰ ਹੋਰ ਨਿਖਾਰਿਆ ਹੈ। ਓਲੰਪਿਕ 'ਚ ਚੁਣੌਤੀ ਦੇਣ ਵਾਲੀਆਂ ਸਾਰੀਆਂ ਲੜਕੀਆਂ ਦੀ ਤਕਨੀਕ ਦੇ ਵੀਡੀਓ ਦੇਖ ਚੁੱਕੀ ਹੈ। ਉਨ੍ਹਾਂ ਖ਼ਿਲਾਫ਼ ਕਿਵੇਂ ਜਿੱਤਿਆ ਜਾਵੇ, ਇਸ 'ਤੇ ਕੰਮ ਕੀਤਾ ਜਾ ਰਿਹਾ ਹੈ।