ਨਵੀਂ ਦਿੱਲੀ : ਟੋਕੀਓ ਓਲਪਿੰਕ (Tokyo Olympics) 'ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ (Neeraj Chopra) ਦਾ ਇਕ ਹੋਰ ਸਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਮਾਂ-ਪਿਓ ਨੂੰ ਫਲਾਈਟ 'ਚ ਬਿਠਾ ਕੇ ਹਵਾਈ ਯਾਤਰਾ ਕਰਵਾਈ। ਨੀਰਜ ਨੇ ਸ਼ਨਿਚਰਵਾਰ ਨੂੰ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।

ਨੀਰਜ ਨੇ ਤਸਵੀਰਾਂ ਸ਼ੇਅਰਾਂ ਕੀਤੀਆਂ ਹਨ। ਉਹ ਆਪਣੇ ਮਾਂ-ਪਿਓ ਨਾਲ ਫਲਾਈਟ 'ਚ ਬੈਠ ਕੇ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ। ਨੀਰਜ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਅੱਜ ਜ਼ਿੰਦਗੀ ਦਾ ਇਕ ਸਪਨਾ ਪੂਰਾ ਹੋਇਆ ਜਦੋਂ ਆਪਣੇ ਮਾਂ-ਪਿਓ ਨੂੰ ਪਹਿਲੀ ਵਾਰ ਫਲਾਈਟ 'ਤੇ ਬੈਠਾ ਪਾਇਆ। ਸਾਰਿਆਂ ਦੀ ਦੁਆ ਤੇ ਅਸ਼ੀਰਵਾਦ ਲਈ ਹਮੇਸ਼ਾ ਧੰਨਵਾਦੀ ਰਹਾਂਗਾ।

ਨੀਰਜ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਤਰੀਫ਼ਾਂ ਦਾ ਹੜ੍ਹ ਆ ਗਿਆ। ਟਵਿੱਟਰ 'ਤੇ ਫੋਟੋ ਨੂੰ ਪਸੰਦ ਕਰਦਿਆਂ ਇਕ ਤੋਂ ਵਧ ਕੇ ਇਕ ਟਿੱਪਣੀ ਲਿਖੀ ਗਈ। ਕਿਸੇ ਨੇ ਕਿਹਾ ਕਿ ਤੁਸੀਂ ਸ਼ਰਵਣ ਕੁਮਾਰ ਹੋ, ਕਿਸੇ ਨੇ ਲਿਖਿਆ ਤੁਸੀਂ ਸਾਡੇ ਹੀਰੋ ਹੋ।

ਨੀਰਜ ਨੇ ਟੋਕੀਓ ਓਲਪਿੰਕ 'ਚ ਜੈਵਲਿਨ ਥ੍ਰੋਅ ਈਵੈਂਟ ਦਾ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਨੇ 87.58 ਮੀਟਰ ਦਾ ਥ੍ਰੋਅ ਕਰਦਿਆਂ ਭਾਰਤ ਨੂੰ ਪਹਿਲੀ ਵਾਰ ਐਥਲੈਟਿਕਸ 'ਚ ਗੋਲਡ ਮੈਡਲ ਦਿਵਾਇਆ। ਭਾਰਤ ਨੇ ਟੋਕੀਓ ਓਲੰਪਿਕ 'ਚ ਕੁੱਲ 7 ਮੈਡਲ ਜਿੱਤੇ ਸਨ, ਜੋ ਉਸ ਦਾ ਹੁਣ ਤਕ ਦਾ ਓਲੰਪਿਕ 'ਚ ਵਧੀਆ ਪ੍ਰਦਰਸ਼ਨ ਰਿਹਾ।

ਗੋਲਡ ਮੈਡਲ ਜਿੱਤਣ ਤੋਂ ਬਾਅਦ ਨੀਰਜ ਸਟਾਰ ਬਣ ਚੁੱਕੇ ਹਨ। ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਹਾਲ 'ਚ ਨੀਰਜ ਚੋਪੜਾ ਦੇ ਨਾਂ 'ਤੇ ਪੁਣੇ 'ਚ ਨਵੇਂ ਬਣੇ ਸਟੇਡੀਅਮ ਦਾ ਨਾਮਕਰਨ ਕੀਤਾ ਗਿਆ। ਇਸ 'ਤੇ ਨੀਰਜ ਦੇ ਕੋਚ ਤੇ ਸਾਥੀਆਂ ਨੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਕਦੇ ਨੀਰਜ ਨੂੰ ਅਭਿਆਸ ਕਰਨ ਲਈ ਸਮਤਲ ਮੈਦਾਨ ਨਸੀਬ ਨਹੀਂ ਹੁੰਦਾ ਸੀ ਪਰ ਅੱਜ ਪੁਣੇ 'ਚ ਉਸ ਦੇ ਨਾਂ 'ਤੇ ਸਟੇਡੀਅਮ ਹੈ। ਇਹ ਪਾਣੀਪਤ ਤੇ ਹਰਿਆਣਾ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਗਰਵ ਦੀ ਗੱਲ ਹੈ।

Posted By: Amita Verma