ਨਵੀਂ ਦਿੱਲੀ (ਪੀਟੀਆਈ) : ਸਰਬ ਭਾਰਤੀ ਟੈਨਿਸ ਮਹਾਸੰਘ (ਏਆਈਟੀਏ) ਏਸ਼ਿਆਈ ਖੇਡਾਂ ਦੇ ਮੈਡਲ ਜੇਤੂ ਅੰਕਿਤਾ ਰੈਣਾ ਤੇ ਦਿਵਿਜ ਸ਼ਰਣ ਨੂੰ ਅਰਜੁਨ ਪੁਰਸਕਾਰ ਲਈ ਨਾਮਜ਼ਦ ਕਰੇਗਾ ਜਦਕਿ ਸਾਬਕਾ ਡੇਵਿਸ ਕੱਪ ਕੋਚ ਨੰਦਨ ਬਾਲ ਦੇ ਨਾਂ ਦੀ ਸਿਫ਼ਾਰਸ਼ ਧਿਆਨਚੰਦ ਪੁਰਸਕਾਰ ਲਈ ਕੀਤੀ ਜਾਵੇਗੀ। ਅੰਕਿਤਾ (27 ਸਾਲ) ਨੇ 2018 ਏਸ਼ਿਆਈ ਖੇਡਾਂ ਵਿਚ ਮਹਿਲਾ ਵਰਗ ਦਾ ਕਾਂਸੇ ਦਾ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਫੈਡ ਕੱਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਤੇ ਭਾਰਤ ਦੇ ਪਹਿਲੀ ਵਾਰ ਵਿਸ਼ਵ ਗਰੁੱਪ ਪਲੇ ਆਫ ਲਈ ਕੁਆਲੀਫਾਈ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ। ਦਿੱਲੀ ਦੇ ਖਿਡਾਰੀ ਸ਼ਰਣ ਨੇ ਜਕਾਰਤਾ ਵਿਚ ਹਮਵਤਨ ਜੋੜੀਦਾਰ ਰੋਹਨ ਬੋਪੰਨਾ ਦੇ ਨਾਲ ਮਰਦ ਡਬਲਜ਼ ਮੁਕਾਬਲੇ ਦਾ ਗੋਲਡ ਮੈਡਲ ਹਾਸਲ ਕੀਤਾ ਸੀ। ਉਹ ਅਕਤੂਬਰ 2019 ਵਿਚ ਭਾਰਤ ਦੇ ਚੋਟੀ ਦੇ ਡਬਲਜ਼ ਖਿਡਾਰੀ ਬਣ ਗਏ ਸਨ ਪਰ ਬਾਅਦ ਵਿਚ ਬੋਪੰਨਾ ਨੇ ਫਿਰ ਇਹ ਸਥਾਨ ਹਾਸਲ ਕਰ ਲਿਆ। ਬੋਪੰਨਾ ਆਖ਼ਰੀ ਟੈਨਿਸ ਖਿਡਾਰੀ ਸਨ ਜਿਨ੍ਹਾਂ ਨੇ 2018 ਵਿਚ ਅਰਜੁਨ ਪੁਰਸਕਾਰ ਜਿੱਤਿਆ ਸੀ। ਏਆਈਟੀਏ ਹਾਲਾਂਕਿ ਹੁਣ ਵੀ ਵਿਚਾਰ ਕਰ ਰਿਹਾ ਹੈ ਕਿ ਬਾਲ ਦਾ ਨਾਂ ਦਰੋਣਾਚਾਰਿਆ ਪੁਰਸਕਾਰ ਜਾਂ ਫਿਰ ਧਿਆਨਚੰਦ ਪੁਰਸਕਾਰ ਲਈ ਭੇਜਿਆ ਜਾਵੇ। ਬਾਲ (60 ਸਾਲ) 1980 ਤੋਂ 1983 ਤਕ ਡੇਵਿਡ ਕੱਪ ਵਿਚ ਖੇਡੇ ਸਨ ਤੇ ਉਹ ਕਈ ਸਾਲਾਂ ਤਕ ਭਾਰਤ ਦੇ ਡੇਵਿਸ ਸੱਪ ਕੋਚ ਰਹੇ। ਹੁਣ ਤਕ ਸਿਰਫ਼ ਤਿੰਨ ਟੈਨਿਸ ਖਿਡਾਰੀਆਂ ਨੂੰ ਧਿਆਨਚੰਦ ਪੁਰਸਕਾਰ ਨਾਲ ਨਵਾਜਿਆ ਗਿਆ ਹੈ ਜਿਸ ਵਿਚ ਜੀਸ਼ਾਨ ਅਲੀ (2014) ਐੱਮਪੀ ਮਿਸ਼ਰਾ (2015) ਤੇ ਨਿਤਿਨ ਕੀਰਤਨੇ (2019) ਸ਼ਾਮਲ ਹਨ। ਕਿਸੇ ਵੀ ਟੈਨਿਸ ਕੋਚ ਨੂੰ ਦਰੋਣਾਚਾਰਿਆ ਪੁਰਸਕਾਰ ਨਹੀਂ ਮਿਲਿਆ ਹੈ।