ਮੈਲਬੌਰਨ (ਪੀਟੀਆਈ) : ਅੰਕਿਤਾ ਰੈਨਾ ਦਾ ਗਰੈਂਡ ਸਲੈਮ ਦੇ ਸਿੰਗਲਜ਼ ਮੁੱਖ ਡਰਾਅ ਵਿਚ ਖੇਡਣ ਦਾ ਸੁਪਨਾ ਇਕ ਵਾਰ ਮੁੜ ਅਧੂਰਾ ਰਹਿ ਗਿਆ ਜਦ ਉਹ ਆਸਟ੍ਰੇਲੀਅਨ ਓਪਨ ਕੁਆਲੀਫਾਇੰਗ ਟੂਰਨਾਮੈਂਟ ਦੇ ਆਖ਼ਰੀ ਗੇੜ ਵਿਚ ਸਰਬੀਆ ਦੀ ਓਲਗਾ ਡਾਨੀਲੋਵਿਕ ਹੱਥੋਂ ਹਾਰ ਗਈ। ਦੁਬਈ ਵਿਚ ਚੱਲ ਰਹੇ ਮਹਿਲਾ ਸਿੰਗਲਜ਼ ਕੁਆਲੀਫਾਇਰ ਵਿਚ ਅੰਕਿਤਾ ਨੂੰ ਤੀਜੇ ਤੇ ਆਖ਼ਰੀ ਗੇੜ ਵਿਚ ਸਰਬਿਆਈ ਖਿਡਾਰਨ ਨੇ ਦੋ ਘੰਟੇ ਵਿਚ 6-2, 3-6, 6-1 ਨਾਲ ਮਾਤ ਦਿੱਤੀ। ਅੰਕਿਤਾ ਦੀ ਗਰੈਂਡ ਸਲੈਮ ਦੇ ਮੁੱਖ ਗੇੜ ਵਿਚ ਥਾਂ ਬਣਾਉਣ ਦੀ ਇਹ ਛੇਵੀਂ ਕੋਸ਼ਿਸ਼ ਸੀ। ਹੁਣ ਸੈਸ਼ਨ ਦੇ ਪਹਿਲੇ ਗਰੈਂਡ ਸਲੈਮ ਵਿਚ ਸਿੰਗਲਜ਼ ਵਰਗ ਵਿਚ ਭਾਰਤ ਦੀਆਂ ਉਮੀਦਾਂ ਸਿਰਫ਼ ਸੁਮਿਤ ਨਾਗਲ 'ਤੇ ਟਿਕੀਆਂ ਹਨ। ਉਨ੍ਹਾਂ ਨੂੰ ਮਰਦ ਸਿੰਗਲਜ਼ ਵਿਚ ਵਾਈਲਡ ਕਾਰਡ ਮਿਲਿਆ ਹੈ। ਰਾਮਕੁਮਾਰ ਰਾਮਨਾਥਨ ਮਰਦ ਸਿੰਗਲਜ਼ ਕੁਆਲੀਫਾਇਰ ਦੇ ਪਹਿਲੇ ਗੇੜ ਵਿਚ ਹਾਰ ਗਏ ਜਦਕਿ ਪ੍ਰਜਨੇਸ਼ ਗੁਣੇਸ਼ਵਰਨ ਨੂੰ ਦੂਜੇ ਗੇੜ ਵਿਚ ਹਾਰ ਸਹਿਣੀ ਪਈ।