ਨਵੀਂ ਦਿੱਲੀ (ਪੀਟੀਆਈ) : ਟੋਕੀਓ ਓਲੰਪਿਕ ਖੇਡਾਂ ਲਈ ਹੋਟਲ ਬੁਕਿੰਗ ਵਿਚ ਦੇਰੀ ਕਾਰਨ ਹੋਏ ਨੁਕਸਾਨ ਦੇ ਮੁੱਦੇ 'ਤੇ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਵਿੱਤ ਕਮੇਟੀ (ਐੱਫਸੀ) ਦੇ ਪ੍ਰਧਾਨ ਅਨਿਲ ਖੰਨਾ ਨੇ ਸ਼ੁੱਕਰਵਾਰ ਨੂੰ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਪ੍ਰਧਾਨ ਜਾਂ ਜਨਰਲ ਸਕੱਤਰ ਦੀ ਮਨਜ਼ੂਰੀ ਤੋਂ ਬਿਨਾਂ ਐੱਫਸੀ ਨੂੰ ਇਕ ਰੁਪਇਆ ਵੀ ਖ਼ਰਚ ਕਰਨ ਦਾ ਹੱਕ ਨਹੀਂ ਹੈ। ਆਈਓਏ ਪ੍ਰਧਾਨ ਨਰਿੰਦਰ ਬੱਤਰਾ ਨੇ 15 ਦੋਹਰੇ ਕਮਰਿਆਂ ਦੀ ਬੁਕਿੰਗ ਦੀ ਮਨਜ਼ੂਰੀ ਵਿਚ ਦੇਰੀ 'ਤੇ ਸਵਾਲ ਉਠਾਉਂਦੇ ਹੋਏ ਵੀਰਵਾਰ ਨੂੰ ਖੰਨਾ ਤੋਂ ਤੱਥਾਂ ਦੇ ਅਧਾਰਤ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ। ਬੱਤਰਾ ਨੇ ਦੱਸਿਆ ਕਿ ਇਸ ਦੇਰੀ ਕਾਰਨ ਆਈਓਏ ਨੂੰ ਲਗਭਗ 73 ਲੱਖ ਰੁਪਏ ਦਾ ਨੁਕਸਾਨ ਹੋਇਆ। ਇਹ ਬੁਕਿੰਗ 18 ਰਾਤ ਲਈ ਸੀ। ਆਈਓਏ ਦੇ ਖ਼ਜ਼ਾਨਚੀ ਆਨੰਦੇਸ਼ਵਰ ਪਾਂਡੇ ਰਾਹੀਂ ਭੇਜੇ ਗਏ ਪੱਤਰ ਦੇ ਜਵਾਬ ਵਿਚ ਖੰਨਾ ਨੇ ਕਿਹਾ ਕਿ ਐੱਫਸੀ ਨੇ ਇਸ ਮਾਮਲੇ 'ਤੇ ਜੂਨ 2019 ਵਿਚ ਇਕ ਮੀਟਿੰਗ ਕੀਤੀ ਸੀ ਪਰ ਇਸ ਨੇ ਬੁਕਿੰਗ ਨੂੰ ਮਨਜ਼ੂਰੀ ਨਹੀਂ ਦਿੱਤੀ ਕਿਉਂਕਿ ਅਜਿਹਾ ਕਰਨ ਲਈ ਕੋਈ ਪ੍ਰਸ਼ਾਸਨਿਕ ਮਨਜ਼ੂਰੀ ਨਹੀਂ ਸੀ।