ਇੰਡੀਅਨ ਵੇਲਜ਼ (ਏਪੀ) : ਪਿਛਲੀ ਵਾਰ ਦੇ ਚੈਂਪੀਅਨ ਟੇਲਰ ਫਰਿਟਜ ਨੇ ਬੀਐੱਨਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿਚ ਇਕਤਰਫਾ ਮੁਕਾਬਲੇ ਵਿਚ ਸਬੇਸਟੀਅਨ ਬੇਇਜ ਨੂੰ ਹਰਾਇਆ। ਚੌਥਾ ਦਰਜਾ ਫਰਿਟਜ ਨੇ ਸਿੱਧੀਆਂ ਗੇਮਾਂ ਵਿਚ 6-1, 6-2 ਨਾਲ ਜਿੱਤ ਦਰਜ ਕੀਤੀ। ਬਿ੍ਟੇਨ ਦੇ ਐਂਡੀ ਮਰੇ ਨੂੰ ਹਾਲਾਂਕਿ ਤੀਜੇ ਗੇੜ ਦੇ ਮੁਕਾਬਲੇ ਵਿਚ 21 ਸਾਲ ਦੇ ਜੈਕ ਡ੍ਰੈਪਰ ਨੇ 7-6, 6-2 ਨਾਲ ਹਰਾ ਕੇ ਬਾਹਰ ਦਾ ਰਾਹ ਦਿਖਾਇਆ। ਪੈਰਿਸ ਵਿਚ 2016 ਵਿਚ ਖ਼ਿਤਾਬ ਜਿੱਤਣ ਤੋਂ ਬਾਅਦ ਤੋਂ ਬਾਅਦ ਮਰੇ ਨੇ ਮਾਸਟਰਜ਼ 1000 ਚੈਂਪੀਅਨਸ਼ਿਪ ਵਿਚ ਲਗਾਤਾਰ ਤਿੰਨ ਮੈਚ ਨਹੀਂ ਜਿੱਤੇ ਹਨ। ਸਟੇਨ ਵਾਵਰਿੰਕਾ ਨੇ ਵੀ ਅਗਲੇ ਗੇੜ ਵਿਚ ਥਾਂ ਬਣਾਈ। ਉਨ੍ਹਾਂ ਨੇ ਸੱਤਵਾਂ ਦਰਜਾ ਹਾਸਲ ਹੋਲਗਰ ਰੂਨੇ ਨੂੰ 2-6, 7-6, 7-5 ਨਾਲ ਹਰਾਇਆ। ਅਮਰੀਕਾ ਦੇ ਟਾਮੀ ਪਾਲ ਨੇ ਨੌਵਾਂ ਦਰਜਾ ਹਾਸਲ ਹਿਊਬਰਟ ਹੁਰਕਾਜ ਨੂੰ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ 4-6, 6-2, 6-4 ਨਾਲ ਹਰਾਇਆ। ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਫੇਲਿਕਸ ਆਗਰ ਏਲਿਆਸਿਮੇ ਨੇ ਫਰਾਂਸਿਸਕੋ ਸੇਰੁਨਡੋਲੋ ਨੂੰ 7-5, 6-4 ਨਾਲ ਹਰਾਇਆ। ਮਹਿਲਾ ਵਰਗ ਵਿਚ ਸਿਖਰਲਾ ਦਰਜਾ ਹਾਸਲ ਪੋਲੈਂਡ ਦੀ ਇਗਾ ਸਵਿਆਤੇਕ ਨੇ 2019 ਦੀ ਚੈਂਪੀਅਨ ਬਿਆਂਕਾ ਆਂਦਰੇਸਕਿਊ ਨੂੰ 6-3, 7-6 ਨਾਲ ਮਾਤ ਦਿੱਤੀ। ਚੌਥੇ ਨੰਬਰ ਦੀ ਖਿਡਾਰਨ ਓਂਸ ਜਬਯੂਰ ਨੂੰ ਮਾਰਕੇਟਾ ਵੋਂਦਰੋਸੋਵੋ ਖ਼ਿਲਾਫ਼ 6-7, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਪੰਜਵੇਂ ਨੰਬਰ ਦੀ ਖਿਡਾਰਨ ਕੈਰੋਲਿਨ ਗਾਰਸੀਆ ਨੇ ਲੀਲਾ ਫਰਨਾਂਡੀਜ਼ ਨੂੰ 6-4, 6-7, 6-1 ਨਾਲ ਹਰਾਇਆ। ਏਮਾ ਰਾਡੂਕਾਨੂ ਨੇ ਬੀਟਿ੍ਜ ਹੇਦਾਦ ਮਾਇਆ ਨੂੰ 6-1, 2-6, 6-4 ਨਾਲ ਮਾਤ ਦਿੱਤੀ।

Posted By: Gurinder Singh