ਪੈਰਿਸ (ਆਈਏਐੱਨਐੱਸ) : ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਬਰਤਾਨੀਆ ਦੇ ਐਂਡੀ ਮਰੇ ਨੂੰ 27 ਸਤੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਫਰੈਂਚ ਓਪਨ ਵਿਚ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। ਮਰੇ ਨੂੰ ਪਿਛਲੇ ਮਹੀਨੇ ਯੂਐੱਸ ਓਪਨ ਵਿਚ ਵੀ ਵਾਈਲਡ ਕਾਰਡ ਨਾਲ ਹੀ ਪ੍ਰਵੇਸ਼ ਮਿਲਿਆ ਸੀ ਜਿੱਥੇ ਉਨ੍ਹਾਂ ਨੂੰ ਦੂਜੇ ਗੇੜ ਦੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸਾਲ ਹਿੱਪ ਦੀ ਸਰਜਰੀ ਤੋਂ ਬਾਅਦ ਮਰੇ ਦਾ ਇਹ ਪਹਿਲਾ ਗਰੈਂਡ ਸਲੈਮ ਟੂਰਨਾਮੈਂਟ ਸੀ। ਉਨ੍ਹਾਂ ਨੇ ਯੂਐੱਸ ਓਪਨ ਦੇ ਪਹਿਲੇ ਗੇੜ ਵਿਚ 49ਵੇਂ ਨੰਬਰ ਦੇ ਖਿਡਾਰੀ ਜਾਪਾਨ ਦੇ ਯਾਸ਼ੀਹੀਤੋ ਨਿਸ਼ੀਯਾਕੋ ਨੂੰ 4-6, 4-6, 7-6, 7-6, 6-4 ਨਾਲ ਮਾਤ ਦਿੱਤੀ ਸੀ ਪਰ ਦੂਜੇ ਗੇੜ ਵਿਚ ਉਨ੍ਹਾਂ ਨੂੰ 15ਵਾਂ ਦਰਜਾ ਕੈਨੇਡਾ ਦੇ ਫੇਲਿਕਸ ਆਗਰ ਏਲਿਆਸੇਮ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਰੇ ਤੋਂ ਇਲਾਵਾ ਹੋਰ ਸੱਤ ਖਿਡਾਰੀਆਂ ਨੂੰ ਵੀ ਰੋਲਾਂ ਗੈਰਾਂ ਟੂਰਨਾਮੈਂਟ ਲਈ ਵਾਈਲਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। 33 ਸਾਲ ਦੇ ਮਰੇ ਨੇ ਰੋਲਾ ਗੈਰਾਂ ਵਿਚ ਆਪਣਾ ਪਿਛਲੇ ਮੁਕਾਬਲਾ ਤਿੰਨ ਸਾਲ ਪਹਿਲਾਂ ਖੇਡਿਆ ਸੀ ਜਿੱਥੇ ਸੈਮੀਫਾਈਨਲ ਵਿਚ ਉਨ੍ਹਾਂ ਨੂੰ ਸਟੇਨ ਵਾਵਰਿੰਕਾ ਖ਼ਿਲਾਫ਼ ਪੰਜ ਸੈੱਟਾਂ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ ਮਾਤ ਦਾ ਸਾਹਮਣਾ ਕਰਨਾ ਪਿਆ ਸੀ। ਸੱਟਾਂ ਕਾਰਨ ਉਨ੍ਹਾਂ ਦੀ ਵਿਸ਼ਵ ਰੈਂਕਿੰਗ ਖਿਸਕ ਕੇ 129 ਤਕ ਜਾ ਪੁੱਜੀ ਹੈ।

ਪਹਿਲਾਂ ਮਈ 'ਚ ਹੋਣਾ ਸੀ ਟੂਰਨਾਮੈਂਟ :

ਮਹਿਲਾ ਸਿੰਗਲਜ਼ ਵਰਗ ਵਿਚ ਯੁਜੀਨੀ ਬੁਚਾਰਡ ਤੇ ਸਵੇਤਾਨਾ ਪਿਰੋਂਕੋਵਾ ਨੂੰ ਵੀ ਮੁੱਖ ਡਰਾਅ ਵਿਚ ਵਾਈਲਡ ਕਾਰਡ ਨਾਲ ਪ੍ਰਵੇਸ਼ ਮਿਲਿਆ ਹੈ। ਦੁਨੀਆ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਪਹਿਲਾਂ ਹੀ ਇਸ ਟੂਰਨਾਮੈਂਟ ਤੋਂ ਹਟਣ ਦੀ ਪੁਸ਼ਟੀ ਕਰ ਚੁੱਕੀ ਹੈ। ਕਲੇ ਕੋਰਡ 'ਤੇ ਖੇਡੇ ਜਾਣ ਵਾਲਾ ਫਰੈਂਚ ਓਪਨ ਮਈ ਵਿਚ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਇਹ 27 ਸਤੰਬਰ ਤੋਂ 11 ਅਕਤੂਬਰ ਤਕ ਹੋਵੇਗਾ।