ਨਿਊਯਾਰਕ (ਆਈਏਐੱਨਐੱਸ) : ਦੋ ਵਾਰ ਦੇ ਜੇਤੂ ਬਿ੍ਟਿਸ਼ ਟੈਨਿਸ ਖਿਡਾਰੀ ਐਂਡੀ ਮਰੇ ਨੂੰ ਇਸ ਮਹੀਨੇ ਹੋਣ ਵਾਲੇ ਸਿਨਸਿਨਾਟੀ ਓਪਨ ਵਿਚ ਵਾਈਲਡ ਕਾਰਡ ਮਿਲਿਆ ਹੈ। ਏਟੀਪੀ ਦੀ ਵੈੱਬਸਾਈਟ ਮੁਤਾਬਕ ਮਰੇ ਦੇ ਨਾਲ, ਟਾਮੀ ਪਾਲ, ਟੇਨੀ ਸੈਂਡਗ੍ਰੇਨ, ਫਰਾਂਸੇਸ ਟਿਫੋਏ ਨੂੰ ਵੀ 20 ਤੋਂ 28 ਅਗਸਤ ਵਿਚਾਲੇ ਯੂਐੱਸਟੀਏ ਵਿਲੀ ਜੀਨ ਕਿੰਗ ਨੈਸ਼ਨਲ ਟੈਨਿਸ ਸੈਂਟਰ ਵਿਚ ਖੇਡੇ ਜਾਣ ਵਾਲੇ ਟੂਰਨਾਮੈਂਟ ਵਿਚ ਥਾਂ ਮਿਲੀ ਹੈ। 2008 ਤੇ 2011 ਵਿਚ ਸਿਨਸਿਨਾਟੀ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਮਰੇ ਵੈਸਟਰਨ ਤੇ ਸਾਊਥਰਨ ਓਪਨ ਚੈਂਪੀਅਨ ਵਿਚ ਛੇਵੇਂ ਜੇਤੂ ਹਨ। ਉਨ੍ਹਾਂ ਤੋਂ ਇਲਾਵਾ ਡੇਨਿਲ ਮੇਦਵੇਦੇਵ (2019), ਨੋਵਾਕ ਜੋਕੋਵਿਕ (2018), ਗਿ੍ਗੋਰ ਦਿਮਿਤ੍ਰੋਵ (2017), ਮਾਰਿਨ ਸਿਲਿਕ (2016) ਤੇ ਰਾਫੇਲ ਨਡਾਲ (2013) ਦੇ ਨਾਂ ਸ਼ਾਮਲ ਹਨ। ਇਹ ਟੂਰਨਾਮੈਂਟ 31 ਅਗਸਤ ਤੋਂ ਸ਼ੁਰੂ ਹੋ ਰਹੇ ਯੂਐੱਸ ਓਪਨ ਲਈ ਵਾਰਮ ਅਪ ਟੂਰਨਾਮੈਂਟ ਹੈ। ਮਰੇ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜੇ ਗਰੈਂਡ ਸਲੈਮ ਹੁੰਦਾ ਹੈ ਤਾਂ ਉਹ ਇਸ ਟੂਰਨਾਮੈਂਟ ਵਿਚ ਖੇਡਣਗੇ।