ਚੇਨਈ (ਪੀਟੀਆਈ) : ਭਾਰਤ ਦੇ ਤਜਰਬੇਕਾਰ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਲੀਜੈਂਡਜ਼ ਆਫ ਸ਼ਤਰੰਜ ਆਨਲਾਈਨ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਰੂਸ ਦੇ ਵਲਾਦੀਮੀਰ ਕ੍ਰੈਮਨਿਕ ਨੇ ਹਰਾਇਆ। ਇਸ ਹਾਰ ਤੋਂ ਬਾਅਦ ਆਨੰਦ ਇਸ ਟੂਰਨਾਮੈਂਟ ਦੀ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਖਿਸਕ ਗਏ। ਆਨੰਦ ਨੂੰ ਕ੍ਰੈਮਨਿਕ ਨੇ 2.5-0.5 ਨਾਲ ਹਰਾਇਆ। ਪਹਿਲੇ ਗੇੜ ਵਿਚ ਉਨ੍ਹਾਂ ਨੂੰ ਪੀਟਰ ਸਵੀਡਲੇਰ ਤੇ ਮੈਗਨਸ ਕਾਰਲਸਨ ਨੇ ਮਾਤ ਦਿੱਤੀ ਸੀ। ਕਾਰਲਸਨ ਤੇ ਸਵੀਡਲੇਰ ਤਿੰਨ ਮੈਚ ਜਿੱਤ ਕੇ ਚੋਟੀ 'ਤੇ ਹਨ। ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਡਿੰਗ ਲਿਰੇਨ ਨੂੰ ਯੂਕਰੇਨ ਦੇ ਵੈਸਿਲ ਇਵਾਂਚੁਕ ਨੇ ਮਾਤ ਦਿੱਤੀ। ਆਨੰਦ ਤੇ ਲਿਰੇਨ ਦਾ ਅਜੇ ਤਕ ਖ਼ਾਤਾ ਨਹੀਂ ਖੁੱਲ੍ਹ ਸਕਿਆ ਹੈ। ਲੀਜੈਂਡਜ਼ ਆਫ ਸ਼ਤਰੰਜ ਟੂਰਨਾਮੈਂਟ ਵਿਚ ਕਾਰਲਸਨ, ਲਿਰੇਨ, ਨੇਪੋਮਨੀਆਚੀ ਤੇ ਗਿਰੀ ਨੂੰ ਆਪਣੇ ਆਪ ਸੱਦਾ ਮਿਲਿਆ ਹੈ ਜੋ ਚੇਸੇਬਲ ਮਾਸਟਰਜ਼ ਵਿਚ ਸੈਮੀਫਾਈਨਲ ਵਿਚ ਪੁੱਜੇ ਸਨ। ਉਨ੍ਹਾਂ ਦਾ ਸਾਹਮਣਾ 40 ਤੋਂ 50 ਸਾਲ ਦੀ ਉਮਰ ਦੇ ਛੇ ਮਹਾਨ ਖਿਡਾਰੀਆਂ ਨਾਲ ਹੋਵੇਗਾ ਜੋ ਆਪਣੇ ਕਰੀਅਰ ਵਿਚ ਸ਼ਤਰੰਜ ਦੇ ਸਿਖ਼ਰ 'ਤੇ ਰਹੇ ਸਨ। ਇਹ ਟੂਰਨਾਮੈਂਟ ਮੈਗਨਸ ਕਾਰਲਸਨ ਟੂਰ ਦਾ ਹਿੱਸਾ ਹੈ। ਇਸ ਦੇ ਜੇਤੂ ਨੂੰ ਨੌਂ ਤੋਂ 20 ਅਗਸਤ ਤਕ ਹੋਣ ਵਾਲੇ ਗਰੈਂਡ ਫਾਈਨਲ ਵਿਚ ਖੇਡਣ ਦਾ ਮੌਕਾ ਮਿਲੇਗਾ।