ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੀ ਉੱਭਰਦੀ ਖਿਡਾਰਨ ਅਨਾਹਤ ਸਿੰਘ ਨੇ ਥਾਈਲੈਂਡ ਦੇ ਪਤਾਇਆ ਵਿਚ ਐਤਵਾਰ ਨੂੰ ਸਮਾਪਤ ਹੋਈ ਏਸ਼ਿਆਈ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿਚ ਕੁੜੀਆਂ ਦੇ ਅੰਡਰ-15 ਵਰਗ ਵਿਚ ਗੋਲਡ ਮੈਡਲ ਜਿੱਤਿਆ। 14 ਸਾਲਾ ਅਨਾਹਤ ਨੇ ਫਾਈਨਲ ਵਿਚ ਹਾਂਗਕਾਂਗ ਦੀ ਕਵਾਂਗ ਏਨਾ ਨੂੰ 3-0 ਨਾਲ ਹਰਾ ਕੇ ਖ਼ਿਤਾਬ ਹਾਸਲ ਕੀਤਾ। ਉਹ ਟੂਰਨਾਮੈਂਟ ਵਿਚ ਇਕ ਵੀ ਗੇਮ ਗੁਆਏ ਬਿਨਾਂ ਫਾਈਨਲ ਵਿਚ ਪੁੱਜੀ ਸੀ। ਉਨ੍ਹਾਂ ਨੇ ਸੈਮੀਫਾਈਨਲ ਵਿਚ ਮਲੇਸ਼ੀਆ ਦੀ ਸਿਖਰਲਾ ਦਰਜਾ ਹਾਸਲ ਵਿ੍ਹਟਨੀ ਇਸਾਬੇਲ ਵਿਲਸਨ ਨੂੰ 3-0 ਨਾਲ ਹਰਾਇਆ ਸੀ। ਅਨਾਹਤ ਨੇ ਹੁਣ ਤਕ 46 ਰਾਸ਼ਟਰੀ ਸਰਕਟ ਖ਼ਿਤਾਬ, ਦੋ ਰਾਸ਼ਟਰੀ ਚੈਂਪੀਅਨਸ਼ਿਪਾਂ ਤੇ ਅੱਠ ਅੰਤਰਰਾਸ਼ਟਰੀ ਖ਼ਿਤਾਬ ਜਿੱਤੇ ਹਨ। ਉਹ ਕਿਸੇ ਵੀ ਵਰਗ ਵਿਚ ਯੂਐੱਸ ਜੂਨੀਅਰ ਓਪਨ ਤੇ ਬਿ੍ਰਟਿਸ਼ ਜੂਨੀਅਰ ਓਪਨ ਜਿੱਤਣ ਵਾਲੀ ਇੱਕੋ ਇਕ ਭਾਰਤੀ ਲੜਕੀ ਹੈ। ਅਨਾਹਤ ਇਸ ਸਾਲ ਦੇ ਆਖ਼ਰ ਵਿਚ ਫਰਾਂਸ ਦੇ ਨੈਂਸੀ ਵਿਚ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ।

Posted By: Gurinder Singh