ਗ਼ੁਲਾਮ ਮੁਹੰਮਦ ਉਰਫ਼ ਗਾਮਾ ਪਹਿਲਵਾਨ (1878-1960) ਦਾ ਜਨਮ ਅੰਮ੍ਰਿਤਸਰ ਵਿਖੇ ਇਕ ਕਸ਼ਮੀਰੀ ਬੱਟ ਪਰਿਵਾਰ ਵਿਚ ਪਿਤਾ ਮੁਹੰਮਦ ਅਜ਼ੀਜ਼ ਬਖ਼ਸ਼ ਦੇ ਘਰ ਹੋਇਆ। 52 ਸਾਲ ਦੇ ਆਪਣੇ ਖੇਡ ਕਰੀਅਰ ਦੌਰਾਨ ਸਦਾ ਜੇਤੂ ਰਹਿਣ ਵਾਲਾ ਗਾਮਾ ਪਹਿਲਵਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦਾ ਦਾਦਾ ਸਹੁਰਾ, ਭਾਵ ਕੁਲਸੂਮ ਨਵਾਜ ਸ਼ਰੀਫ਼ ਦਾ ਦਾਦਾ ਸੀ। ਸ਼ੁਰੂ ਵਿਚ ਗਾਮੇ ਪਹਿਲਵਾਨ ਨੂੰ ਦੱਤੀਆ ਦੇ ਮਹਾਰਾਜੇ ਨੇ ਆਪਣੀ ਰਿਆਸਤ ਵਿਚ ਕੁਸ਼ਤੀ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਸੀ। ਮਹਿਜ਼ 10 ਸਾਲ ਦੀ ਉਮਰ ਵਿਚ ਉਸ ਨੇ ਜੋਧਪੁਰ ਵਿਖੇ ਹੋਏ ਇਕ ਮੁਕਾਬਲੇ 'ਚ ਦੇਸ਼ ਦੇ ਨਾਮੀ ਪਹਿਲਵਾਨਾਂ ਨਾਲ ਆਪਣੇ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ।

ਰਹੀਮ ਬਖ਼ਸ਼ ਨਾਲ ਬਰਾਬਰੀ 'ਤੇ ਰਹੇ ਤਿੰਨ ਮੁਕਾਬਲਿਆਂ ਤੋਂ ਬਾਅਦ ਗਾਮੇ ਨੇ ਇਸ ਰੁਸਤਮ ਨੂੰ ਵੀ ਹਰਾ ਦਿੱਤਾ ਅਤੇ ਸੰਨ 1910 ਤਕ ਉਸ ਨੇ ਭਾਰਤ ਦੇ ਲਗਪਗ ਸਾਰੇ ਨਾਮੀ ਪਹਿਲਵਾਨਾਂ ਨੂੰ ਹਰਾਉਣ ਦਾ ਵੱਡਾ ਕਾਰਨਾਮਾ ਕੀਤਾ। ਇਸੇ ਵਰ੍ਹੇ ਉਸ ਨੇ ਇੰਗਲੈਂਡ ਵਿਖੇ ਹੋਏ ਕੁਸ਼ਤੀ ਮੁਕਾਬਲੇ ਵਿਚ ਸਮੁੱਚੇ ਭਾਰ ਵਰਗਾਂ ਦੇ ਪਹਿਲਵਾਨਾਂ ਨੂੰ ਮੁਕਾਬਲੇ ਲਈ ਖੁੱਲ੍ਹੀ ਚੁਣੌਤੀ ਦਿੱਤੀ। ਪਹਿਲਾਂ ਤਾਂ ਸਾਰੇ ਪਹਿਲਵਾਨਾਂ ਨੇ ਇਸ ਨੂੰ ਇਕ ਮਜ਼ਾਕ ਸਮਝਿਆ ਪਰ ਗਾਮੇ ਵੱਲੋਂ ਦੁਬਾਰਾ ਐਲਾਨ ਕੀਤੇ ਜਾਣ 'ਤੇ ਅਮਰੀਕੀ ਪਹਿਲਵਾਨ ਬੈਂਜਾਮਿਨ ਰੋਲਰ ਨੇ ਉਸ ਦੀ ਚੁਣੌਤੀ ਸਵੀਕਾਰ ਕੀਤੀ। ਬੈਂਜਾਮਿਨ ਇਹ ਕੁਸ਼ਤੀ ਹਾਰ ਗਿਆ ਤੇ ਗਾਮੇ ਨੂੰ ਮੁਕਾਬਲੇ ਦੇ ਅਗਲੇ ਪੜਾਅ 'ਚ ਦਾਖ਼ਲਾ ਮਿਲ ਗਿਆ। ਇਸ ਪੜਾਅ ਵਿਚ ਉਸ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਸਟੈਨਿਸਲਸ ਜ਼ਬਿਸਕੋ ਨਾਲ ਹੋਇਆ ਤੇ ਤਿੰਨ ਘੰਟੇ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਜ਼ਬਿਸਕੋ ਹਾਰ ਗਿਆ। ਇਸ ਵੱਡੀ ਜਿੱਤ ਤੋਂ ਬਾਅਦ ਜਦੋਂ ਗਾਮਾ ਭਾਰਤ ਪਰਤਿਆ ਤਾਂ ਇਲਾਹਾਬਾਦ ਵਿਖੇ ਇਕ ਵਾਰ ਫਿਰ ਉਸ ਦਾ ਮੁਕਾਬਲਾ ਰਹੀਮ ਬਖ਼ਸ਼ ਸੁਲਤਾਨੀ ਵਾਲੇ ਨਾਲ ਹੋਇਆ ਅਤੇ ਰਹੀਮ ਬਖ਼ਸ਼ ਨੂੰ ਹਰਾ ਕੇ ਗਾਮਾ 'ਰੁਸਤਮ-ਏ-ਹਿੰਦ' ਬਣ ਗਿਆ। ਸੰਨ 1928 ਵਿਚ ਜ਼ਬਿਸਕੋ ਮੁੜ ਪਟਿਆਲਾ ਆਇਆ ਅਤੇ ਉਸ ਨੂੰ ਇਕ ਵਾਰ ਫਿਰ ਗਾਮੇ ਪਾਸੋਂ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ।

ਦੇਸ਼ ਦੀ ਵੰਡ ਤੋਂ ਕੁਝ ਸਮਾਂ ਪਹਿਲਾਂ ਗਾਮਾ ਪਹਿਲਵਾਨ ਮੋਹਿਨੀ ਰੋਡ, ਲਾਹੌਰ ਵਿਖੇ ਜਾ ਵਸਿਆ। ਇਹ ਇਲਾਕਾ ਹਿੰਦੂ ਬਹੁਗਿਣਤੀ ਵਸਨੀਕਾਂ ਦਾ ਸੀ। ਵੰਡ ਦੇ ਹੱਲਿਆਂ ਵੇਲੇ ਜਦ ਹਿੰਦੂ ਪਰਿਵਾਰਾਂ ਨੂੰ ਲੁੱਟਣ ਲਈ ਲੋਕ ਹਮਲਾਵਰ ਬਣ ਕੇ ਆਏ ਤਾਂ ਗਾਮਾ ਪਹਿਲਵਾਨ ਸਾਰਿਆਂ ਤੋਂ ਅੱਗੇ ਜਾ ਖਲੋਇਆ। ਉਸ ਨੇ ਖੋਹਬਾਜ਼ਾਂ ਦੇ ਮੁਖੀ ਨੂੰ ਏਨੀਂ ਜ਼ੋਰ ਦੀ ਥੱਪੜ ਮਾਰਿਆ ਕਿ ਉਹ ਦੂਰ ਤਕ ਰਿੜ੍ਹਦਾ ਗਿਆ। ਅਪਣੇ ਮੁਖੀ ਦੀ ਇਹ ਹਾਲਤ ਵੇਖ ਕੇ ਬਾਕੀ ਲੁਟੇਰੇ ਵੀ ਉੱਥੋਂ ਦੌੜ ਗਏ। ਵਿਗੜਦੇ ਹੋਏ ਹਾਲਾਤ ਦੇ ਮੱਦੇਨਜ਼ਰ ਗਾਮੇ ਪਹਿਲਵਾਨ ਨੇ ਮਹਿਸੂਸ ਕੀਤਾ ਕਿ ਉਹ ਜ਼ਿਆਦਾ ਲੰਬੇ ਸਮੇਂ ਤਕ ਹਿੰਦੂ ਪਰਿਵਾਰਾਂ ਦੀ ਸੁਰੱਖਿਆ ਨਹੀਂ ਕਰ ਸਕੇਗਾ ਤਾਂ ਉਹ ਇਲਾਕੇ ਦੇ ਲੋਕਾਂ ਲਈ ਇਕ ਹਫ਼ਤੇ ਦੇ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰ ਕੇ ਖ਼ੁਦ ਉਨ੍ਹਾਂ ਨੂੰ ਸਰਹੱਦ ਤਕ ਛੱਡਣ ਆਇਆ। ਦੇਸ਼ ਦੀ ਵੰਡ ਦੇ ਦਰਦਨਾਕ ਮੰਜ਼ਰ ਤੇ ਦੋਹਾਂ ਪਾਸਿਆਂ ਦੀ ਹਿਜ਼ਰਤ ਨੇ ਗਾਮੇ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਅਤੇ ਜ਼ਿੰਦਗੀ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਲੋਕਾਂ ਨੇ ਇਸ ਸ਼ੇਰ ਦਿਲ ਇਨਸਾਨ ਨੂੰ ਬੱਚਿਆਂ ਵਾਂਗ ਰੋਂਦਿਆਂ ਤੱਕਿਆ ਸੀ।

ਆਪਣੇ ਅੰਤਲੇ ਦਿਨਾਂ ਵਿਚ ਗਾਮਾ ਕਾਫ਼ੀ ਬਿਮਾਰ ਰਹਿਣ ਲੱਗਾ ਸੀ। ਉਸ ਦੀ ਬਿਮਾਰੀ ਦੌਰਾਨ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਭਾਰਤ ਦੇ ਨਾਮਵਰ ਸਨਅਤਕਾਰ ਜੀਡੀ ਬਿਰਲਾ ਨੇ ਗਾਮੇ ਨੂੰ ਇਲਾਜ ਲਈ ਦੋ ਹਜ਼ਾਰ ਰੁਪਏ ਅਤੇ 300 ਰੁਪਏ ਮਹੀਨਾਵਾਰ ਪੈਨਸ਼ਨ ਦੇਣੀ ਸ਼ੁਰੂ ਕੀਤੀ। ਕਾਫ਼ੀ ਸਮਾਂ ਬਿਮਾਰ ਰਹਿਣ ਉਪਰੰਤ ਇਹ ਮਹਾਨ ਪਹਿਲਵਾਨ 23 ਮਈ 1960 ਨੂੰ ਲਾਹੌਰ ਵਿਖੇ ਅੱਲ੍ਹਾ ਨੂੰ ਪਿਆਰਾ ਹੋ ਗਿਆ।

- ਇਬਲੀਸ, 98143-98743


Posted By: Harjinder Sodhi