ਨਵੀਂ ਦਿੱਲੀ (ਜੇਐੱਨਐੱਨ) : ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ, ਜਕਾਰਤਾ ਏਸ਼ੀਅਨ ਖੇਡਾਂ ਦੇ ਗੋਲਡ ਮੈਡਲ ਜੇਤੂ ਬਜਰੰਗ ਪੂਨੀਆ, ਓਲੰਪਿਕ ਮੈਡਲ ਜੇਤੂ ਸਾਕਸ਼ੀ ਮਲਿਕ ਤੇ ਸਟਾਰ ਮਹਿਲਾ ਭਲਵਾਨ ਵਿਨੇਸ਼ ਫੋਗਾਟ ਅਗਲੇ ਮਹੀਨੇ ਦੇ ਆਖ਼ਰ ਵਿਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਹੋਣ ਵਾਲੇ ਟਰਾਇਲ ਵਿਚ ਉਤਰਨਗੇ ਤੇ ਇਸ ਵਾਰ ਕਿਸੇ ਵੀ ਭਲਵਾਨ ਨੂੰ ਟਰਾਇਲ ਤੋਂ ਛੋਟ ਨਹੀਂ ਮਿਲੇਗੀ। ਮਰਦਾਂ ਦੇ ਟਰਾਇਲ ਸੋਨੀਪਤ ਵਿਚ ਤੇ ਮਹਿਲਾਵਾਂ ਦੇ ਲਖਨਊ ਵਿਚ ਹੋਣਗੇ। ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਨੇ ਇਸ ਦੀ ਪੁਸ਼ਟੀ ਕੀਤੀ। ਇਹ ਵਿਸ਼ਵ ਚੈਂਪੀਅਨਸ਼ਿਪ ਕੁਸ਼ਤੀ ਦਾ 2020 ਟੋਕੀਓ ਓਲੰਪਿਕ ਦਾ ਪਹਿਲਾ ਕੁਆਲੀਫਾਇੰਗ ਟੂਰਨਾਮੈਂਟ ਹੈ। ਇਹ ਚੈਂਪੀਅਨਸ਼ਿਪ ਕਜ਼ਾਕਿਸਤਾਨ ਵਿਚ 14 ਤੋਂ 22 ਸਤੰਬਰ ਤਕ ਹੋਵੇਗੀ। ਪਿਛਲੇ ਸਾਲ ਡਬਲਯੂਐੱਫਆਈ ਨੇ ਚਾਰਾਂ ਭਲਵਾਨਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲ 'ਚ ਛੋਟ ਦਿੱਤੀ ਸੀ ਜਿਸ ਤੋਂ ਬਾਅਦ ਉਸ ਦੀ ਕਾਫੀ ਨਿੰਦਾ ਹੋਈ ਸੀ। ਪਿਛਲੀ ਵਾਰ ਤੋਂ ਸਬਕ ਲੈ ਕੇ ਡਬਲਯੂਐੱਫਆਈ ਇਸ ਵਾਰ ਕੋਈ ਕੁਤਾਹੀ ਨਹੀਂ ਵਰਤਣਾ ਚਾਹੁੰਦਾ ਹੈ। ਡਬਲਯੂਐੱਫਆਈ ਦੇ ਪ੍ਰਧਾਨ ਬਿ੍ਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਓਲੰਪਿਕ ਦਾ ਪਹਿਲਾ ਕੁਆਲੀਫਾਇੰਗ ਟੂਰਨਾਮੈਂਟ ਹੈ। ਅਸੀਂ ਆਪਣੀ ਸਰਬੋਤਮ ਟੀਮ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਭੇਜਣਾ ਚਾਹੁੰਦੇ ਹਾਂ ਤਾਂਕਿ ਉਹ ਓਲੰਪਿਕ ਲਈ ਕੋਟਾ ਹਾਸਿਲ ਕਰ ਲਵੇ। ਅਸੀਂ ਟਰਾਇਲ ਵਿਚ ਸਾਰੇ ਭਲਵਾਨਾਂ ਨੂੰ ਉਤਾਰਾਂਗੇ ਤੇ ਕਿਸੇ ਨੂੰ ਛੋਟ ਨਹੀਂ ਦੇਵਾਂਗੇ। ਹਾਲਾਂਕਿ ਸੁਸ਼ੀਲ (74 ਕਿਲੋਗ੍ਰਾਮ) ਦਾ ਇਹ ਆਖ਼ਰੀ ਓਲੰਪਿਕ ਮੰਨਿਆ ਜਾ ਰਿਹਾ ਹੈ ਤੇ ਇਸ ਕਾਰਨ ਉਨ੍ਹਾਂ ਨੂੰ ਇਸ ਟਰਾਇਲ ਨੂੰ ਜਿੱਤਣਾ ਪਵੇਗਾ ਫਿਰ ਉਨ੍ਹਾਂ ਦੇ ਸਾਹਮਣੇ ਵਿਸ਼ਵ ਚੈਂਪੀਅਨਸ਼ਿਪ ਵਿਚ ਟੋਕੀਓ ਓਲੰਪਿਕ ਦਾ ਕੋਟਾ ਹਾਸਿਲ ਕਰਨ ਦੀ ਚੁਣੌਤੀ ਰਹੇਗੀ। ਉਥੇ ਆਪਣੇ ਵਰਗ ਦੇ ਵਿਸ਼ਵ ਦੇ ਨੰਬਰ ਇਕ ਭਲਵਾਨ ਬਜਰੰਗ (65 ਕਿਲੋਗ੍ਰਾਮ) ਪਿਛਲੇ ਸਾਲ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਾਪਾਨ ਦੇ ਤਾਕੁਤੋ ਓਤੋਗੁਰੋ ਹੱਥੋਂ ਹਾਰ ਗਏ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਟਰਾਇਲ ਲਈ ਕੋਈ ਛੋਟ ਨਹੀਂ ਮੰਗਾਂਗਾ ਤੇ ਮੈਂ ਇਸ ਲਈ ਤਿਆਰ ਹਾਂ ਪਰ ਡਬਲਯੂਐੱਫਆਈ ਮੈਨੂੰ ਛੋਟ ਦਿੰਦਾ ਹੈ ਤਾਂ ਇਹ ਵੱਖ ਗੱਲ ਹੈ। ਉਹ ਸੋਨੀਪਤ ਵਿਚ ਚੱਲ ਰਹੇ ਰਾਸ਼ਟਰੀ ਕੈਂਪ ਦਾ ਹਿੱਸਾ ਨਹੀਂ ਹਨ ਕਿਉਂਕਿ ਡਬਲਯੂਐੱਫਆਈ ਨੇ ਉਨ੍ਹਾਂ ਨੂੰ ਨਿੱਜੀ ਕੋਚਿੰਗ ਸਟਾਫ ਨਾਲ ਅਭਿਆਸ ਦੀ ਇਜਾਜ਼ਤ ਦਿੱਤੀ ਹੋਈ ਹੈ। ਮਹਿਲਾਵਾਂ ਵਿਚ ਵੀ ਵਿਨੇਸ਼ ਤੇ ਸਾਕਸ਼ੀ ਤੋਂ ਹੀ ਓਲੰਪਿਕ ਕੋਟਾ ਹਾਸਿਲ ਕਰਨ ਦੀ ਉਮੀਦ ਹੈ।