ਮੈਡਿ੍ਡ (ਏਪੀ) : ਸਪੇਨ ਦੇ ਕੁਝ ਹਿੱਸਿਆਂ ਵਿਚ ਕੋਰੋਨਾ ਕਾਰਨ ਲਾਕਡਾਊਨ ਦੀਆਂ ਪਾਬੰਦੀਆਂ ਦੇ ਬਾਵਜੂਦ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦੇ ਸਾਰੇ ਕਲੱਬ ਹੁਣ ਇਸ ਹਫਤੇ ਗਰੁੱਪ ਵਿਚ ਟ੍ਰੇਨਿੰਗ ਸ਼ੁਰੂ ਕਰ ਸਕਣਗੇ। ਦੇਸ਼ ਦੇ ਜ਼ਿਆਦਾਤਰ ਹਿੱਸਿਆ ਵਾਂਗ ਮੈਡਿ੍ਡ ਤੇ ਬਾਰਸੀਲੋਨਾ ਵਿਚ ਲਾਕਡਾਊਨ ਦੇ ਨਿਯਮਾਂ ਵਿਚ ਛੋਟ ਨਹੀਂ ਮਿਲੀ ਹੈ ਪਰ ਰੀਅਲ ਮੈਡਿ੍ਡ ਤੇ ਬਾਰਸੀਲੋਨਾ ਵਰਗੇ ਕਲੱਬਾਂ ਦੀਆਂ ਟੀਮਾਂ ਨੂੰ ਟ੍ਰੇਨਿੰਗ ਦੇ ਦੂਜੇ ਗੇੜ ਨੂੰ ਲਾਗੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਲੀਗ ਨੇ ਕਲੱਬਾਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਦੇ ਲਾਕਡਾਊਨ ਦੇ ਨਿਯਮਾਂ ਦੇ ਬਾਵਜੂਦ ਸੋਮਵਾਰ ਤੋਂ ਸਾਰੇ ਖਿਡਾਰੀਆਂ ਲਈ ਛੋਟੇ ਸਮੂਹ ਵਿਚ ਅਭਿਆਸ ਸੈਸ਼ਨ ਕਰਵਾ ਸਕਦੇ ਹਨ। ਸਪੇਨ ਵਿਚ ਹੁਣ ਤਕ ਖਿਡਾਰੀਆਂ ਨੂੰ ਸਿਰਫ਼ ਨਿੱਜੀ ਟ੍ਰੇਨਿੰਗ ਦੀ ਇਜਾਜ਼ਤ ਸੀ। ਕੋਰੋਨਾ ਕਾਰਨ ਦੇਸ਼ ਵਿਚ ਮਾਰਚ ਦੇ ਅੱਧ ਤੋਂ ਜਾਰੀ ਲਾਕਡਾਊਨ ਵਿਚ ਸਪੇਨ ਦੀ ਸਰਕਾਰ ਨੇ ਢਿੱਲ ਦੇਣੀ ਸ਼ੁਰੂ ਕੀਤੀ ਹੈ। ਇਸ ਵਿਚ ਹਰੇਕ ਖੇਤਰ ਦੀ ਸਥਿਤੀ ਮੁਤਾਬਕ ਛੋਟ ਦਿੱਤੀ ਗਈ ਹੈ।