ਨਵੀਂ ਦਿੱਲੀ (ਪੀਟੀਆਈ) : ਮੌਜੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਵੱਕਾਰੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸੌਖਾ ਡਰਾਅ ਮਿਲਿਆ ਹੈ ਜਦਕਿ ਸਾਇਨਾ ਨੇਹਵਾਲ ਨੂੰ ਮੁਸ਼ਕਲ ਵਿਰੋਧੀਆਂ ਨਾਲ ਭਿੜਨਾ ਪਵੇਗਾ। ਟੂਰਨਾਮੈਂਟ 17 ਤੋਂ 21 ਮਾਰਚ ਵਿਚਾਲੇ ਬਰਮਿੰਘਮ ਵਿਚ ਖੇਡਿਆ ਜਾਵੇਗਾ। ਸਵਿਸ ਓਪਨ ਤੋਂ ਬਾਅਦ ਆਲ ਇੰਗਲੈਂਡ ਓਪਨ 2021 ਇਸ ਸਾਲ ਦਾ ਦੂਜਾ ਟੂਰਨਾਮੈਂਟ ਹੋਵੇਗਾ ਜਿਸ ਵਿਚ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਲਈ ਰੈਂਕਿੰਗ ਅੰਕ ਮਿਲਣਗੇ।

ਬੈਡਮਿੰਟਨ ਵਿਸ਼ਵ ਮਹਾਸੰਘ ਵੱਲੋਂ ਮੰਗਲਵਾਰ ਨੂੰ ਜਾਰੀ ਡਰਾਅ ਮੁਤਾਬਕ ਓਲੰਪਿਕ ਸਿਲਵਰ ਮੈਡਲ ਜੇਤੂ ਸਿੰਧੂ ਪਹਿਲੇ ਗੇੜ ਵਿਚ ਮਲੇਸ਼ੀਆ ਦੀ ਸੋਨੀਆ ਚੀਆ ਨਾਲ ਖੇਡੇਗੀ। ਸ਼ੁਰੂਆਤੀ ਗੇੜ ਦੇ ਮੁਕਾਬਲੇ ਜਿੱਤਣ 'ਤੇ ਕੁਆਰਟਰ ਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਜਾਪਾਨ ਦੀ ਅਕਾਨੇ ਯਾਮਾਗੁਚੀ ਤੇ ਸੈਮੀਫਾਈਨਲ ਵਿਚ ਸਪੇਨ ਦੀ ਕੈਰੋਲੀਨਾ ਮਾਰਿਨ ਨਾਲ ਹੋ ਸਕਦਾ ਹੈ। ਮਾਰਿਨ ਨੂੰ ਟੂਰਨਾਮੈਂਟ ਵਿਚ ਸਿਖਰਲਾ ਦਰਜਾ ਮਿਲਿਆ ਹੈ ਜਦਕਿ ਸਿੰਧੂ ਨੂੰ ਪੰਜਵਾਂ ਦਰਜਾ ਦਿੱਤਾ ਗਿਆ ਹੈ।

ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇ ਪਹਿਲੇ ਗੇੜ ਵਿਚ ਡੈਨਮਾਰਕ ਦੀ ਮਾਈ ਬਲਿਚਫੇਲਟ ਨਾਲ ਖੇਡਣਾ ਹੈ। ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਪਾਰੂਪੱਲੀ ਕਸ਼ਯਪ ਨੇ ਪਹਿਲੇ ਹੀ ਮੈਚ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਦਾ ਸਾਹਮਣਾ ਕਰਨਾ ਹੈ। ਕਿਦਾਂਬੀ ਸ਼੍ਰੀਕਾਂਤ ਪਹਿਲੇ ਗੇੜ ਵਿਚ ਇੰਡੋਨੇਸ਼ੀਆ ਦੇ ਟਾਮੀ ਸੁਗਿਆਰਤੋ ਨਾਲ ਖੇਡਣਗੇ ਜਦਕਿ ਵਿਸ਼ਵ ਚੈਂਪੀਅਨਸ਼ਿਪ ਕਾਂਸੇ ਦਾ ਮੈਡਲ ਜੇਤੂ ਬੀ ਸਾਈ ਪ੍ਰਣੀਤ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਦਾ ਸਾਹਮਣਾ ਕਰਨਗੇ।

ਭਾਰਤੀ ਖਿਡਾਰੀ ਤਿੰਨ ਮਾਰਚ ਤੋਂ ਸ਼ੁਰੂ ਹੋ ਰਹੇ ਸਵਿਸ ਓਪਨ ਵਿਚ ਵੀ ਹਿੱਸਾ ਲੈਣਗੇ। ਸਾਇਨਾ ਤੇ ਸ਼੍ਰੀਕਾਂਤ ਨੂੰ ਟੋਕੀਓ ਓਲੰਪਿਕ ਵਿਚ ਥਾਂ ਬਣਾਉਣ ਲਈ ਹੋਰ ਸਮਾਂ ਮਿਲੇਗਾ ਕਿਉਂਕਿ ਬੀਡਬਲਯੂਐੱਫ ਨੇ ਕੁਆਲੀਫਿਕੇਸ਼ਨ ਦਾ ਸਮਾਂ ਵਧਾ ਦਿੱਤਾ ਹੈ।