ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ : ਮਿਨਰਵਾ ਅਕੈਡਮੀ ਫੁੱਟਬਾਲ ਕਲੱਬ, ਦਾਊਂ ਤੋਂ ਟਰੇਂਡ ਅਨਵਰ ਅਲੀ ਮੈਦਾਨ 'ਚ ਆਪਣੀ ਪਸੰਦੀਦਾ ਖੇਡ ਫੁੱਟਬਾਲ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਪਰ ਦੂਜੇ ਪਾਸੇ ਏਆਈਐੱਫਐੱਫ (ਆਲ ਇੰਡੀਆ ਫੁੱਟਬਾਲ ਫੈਡਰੇਸ਼ਨ) ਪੰਜਾਬੀ ਖਿਡਾਰੀ ਅਨਵਰ ਅਲੀ ਨੂੰ ਖੇਡਣ ਦੀ ਇਜਾਜ਼ਤ ਨਹੀਂ ਦੇ ਰਹੀ। ਮਾਮਲਾ ਇਹ ਹੈ ਕਿ ਜਮਾਂਦਰੂ ਦਿਲ ਦੀ ਐਪਿਕ ਹਾਈਪਰ ਕਾਰਡਿਓ ਮਾਯੋਪੈਥੀ ਨਾਂ ਦੀ ਬਿਮਾਰੀ ਅਨਵਰ ਅਲੀ ਦੀ ਖੇਡ 'ਚ ਵੱਡਾ ਅੜਿੱਕਾ ਬਣ ਰਹੀ ਹੈ। ਲੰਘੇ ਸਾਲ ਮੈਡੀਕਲ ਰਿਪੋਰਟਾਂ ਤੋਂ ਖ਼ੁਲਾਸਾ ਹੋਇਆ ਸੀ ਕਿ ਅਨਵਰ ਅਲੀ ਇਸ ਖ਼ਤਰਨਾਕ ਬਿਮਾਰੀ ਤੋਂ ਪੀੜਤ ਹੈ। ਡਾਕਟਰੀ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਮੈਦਾਨ 'ਚ ਫੁੱਟਬਾਲ ਖੇਡਣ ਨਾਲ ਅਨਵਰ ਅਲੀ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸੇ ਕਰਕੇ ਏਆਈਐੱਫਐੱਫ ਨੇ ਅਨਵਰ ਅਲੀ 'ਤੇ ਖੇਡਣ ਦੀ ਪਾਬੰਦੀ ਲਾ ਦਿੱਤੀ ਸੀ। ਅਨਵਰ ਅਲੀ ਨੇ ਪ੍ਰੋਫੈਸ਼ਨਲ ਕਰੀਅਰ 'ਚ ਬ੍ਰੇਕ ਦੇਣ ਵਾਲੇ ਘਰੇਲੂ ਮੁਹੰਮਡਨ ਸਪੋਰਟਿੰਗ ਫੁੱਟਬਾਲ ਕਲੱਬ ਨਾਲ ਇਸ ਸਾਲ ਅਗਸਤ 'ਚ ਕੰਟਰੈਕਟ ਸਾਈਨ ਕੀਤਾ ਸੀ ਪਰ ਏਆਈਐੱਫਐੱਫ ਨੇ ਬੰਗਾਲ ਫੁੱਟਬਾਲ ਕਲੱਬ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਕੇ ਅਨਵਰ ਅਲੀ ਦੀ ਕਲੱਬ ਟੀਮ ਨਾਲ ਟ੍ਰੇਨਿੰਗ 'ਤੇ ਰੋਕ ਲਾ ਦਿੱਤੀ ਹੈ। ਜ਼ਿਲ੍ਹਾ ਜਲੰਧਰ ਦੇ ਫੁੱਟਬਾਲਰ ਅਨਵਰ ਅਲੀ ਨੇ ਏਆਈਐੱਫਐੱਫ ਅਤੇ ਮੈਡੀਕਲ ਕਮੇਟੀ ਵਿਰੁੱਧ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਹੈ। ਅਨਵਰ ਅਲੀ ਨੇ 'ਸਾਰਿਆਂ ਨੂੰ ਖੇਡਣ ਦੇ ਅਧਿਕਾਰ' ਤਹਿਤ ਹਾਈ ਕੋਰਟ 'ਚ ਕੇਸ ਫਾਈਲ ਕੀਤਾ ਹੈ। 10 ਅਗਸਤ, 2000 'ਚ ਜ਼ਿਲ੍ਹਾ ਜਲੰਧਰ 'ਚ ਜਨਮੇਂ ਅਨਵਰ ਅਲੀ ਪ੍ਰੋਫੈਸ਼ਨਲ ਪੱਧਰ 'ਤੇ ਇੰਡੀਅਨ ਐਰੋਜ਼ ਤੇ ਮੁੰਬਈ ਸਿਟੀ ਐੱਫਸੀ ਦੀ ਟੀਮ ਵੱਲੋਂ ਖੇਡਣ ਨਾਲ ਇਸ ਸਾਲ ਬੰਗਾਲ ਦੇ ਪ੍ਰਸਿੱਧ ਮੁਹੰਮਡਨ ਸਪੋਰਟਿੰਗ ਐੱਫਸੀ ਨਾਲ ਜੁੜੇ ਸਨ। ਚੇਨਈ ਸਿਟੀ ਦੀ ਟੀਮ ਵਿਰੁੱਧ ਕਰੀਅਰ ਦਾ ਆਗਾਜ਼ ਕਰਨ ਵਾਲੇ ਅਨਵਰ ਨੇ 11 ਸਾਲ ਦੀ ਉਮਰ 'ਚ ਮਿਨਰਵਾ ਫੁੱਟਬਾਲ ਅਕੈਡਮੀ, ਪਿੰਡ ਦਾਊਂ, ਜ਼ਿਲ੍ਹਾ ਮੋਹਾਲੀ ਦਾ ਦਾਮਨ ਫੜ੍ਹਿਆ ਸੀ। ਇਸ ਦਾ ਖ਼ੁਲਾਸਾ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਬਜਾਜ ਨੇ ਕੀਤਾ ਹੈ। ਦਾਊਂ ਫੁੱਟਬਾਲ ਅਕੈਡਮੀ ਦੇ ਮਾਲਕ ਰਣਜੀਤ ਬਜਾਜ ਨੇ ਦਾਅਵਾ ਕੀਤਾ ਹੈ ਕਿ ਅਨਵਰ ਅਲੀ ਨੇ ਅਕੈਡਮੀ 'ਚ ਲਗਾਤਾਰ ਅੱਠ ਸਾਲ ਟ੍ਰੇਨਿੰਗ ਸੈਸ਼ਨ ਅਟੈਂਡ ਕੀਤੇ ਹਨ। ਇਸ ਤੋਂ ਇਲਾਵਾ ਅਨਵਰ ਨੂੰ ਅੰਡਰ-13 ਤੋਂ ਅੰਡਰ-23 ਤਕ ਹਰ ਉਮਰ ਵਰਗ ਦੀਆਂ ਨੌਂ ਕੌਮੀ ਫੁੱਟਬਾਲ ਟੀਮਾਂ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੈ। ਰਣਜੀਤ ਬਜਾਜ ਅਨੁਸਾਰ ਅੱਜ ਤਕ ਦੇ ਕਰੀਅਰ 'ਚ ਅਨਵਰ ਨੇ ਪੂਰੇ 90 ਮਿੰਟ ਦੀ ਟਾਈਮਿੰਗ ਵਾਲੇ ਸਾਰੇ ਕੌਮੀ ਤੇ ਕੌਮਾਂਤਰੀ ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੂੰ ਕਿਸੇ ਪ੍ਰਕਾਰ ਦੀ ਤਕਲੀਫ਼ ਦਾ ਟਾਕਰਾ ਨਹੀਂ ਕਰਨਾ ਪਿਆ ਪਰ ਦਿੱਲੀ ਹਾਈ ਕੋਰਟ 'ਚ ਅਪੀਲ 'ਤੇ ਫ਼ੈਸਲਾ ਹੋਣਾ ਹੈ, ਜਿਹੜਾ ਉਸ ਦੇ ਕਰੀਅਰ ਦਾ ਭਵਿੱਖ ਤੈਅ ਕਰੇਗਾ। ਮਿਨਰਵਾ ਅਕੈਡਮੀ ਐੱਫਸੀ ਤੋਂ ਕਰੀਅਰ ਦਾ ਆਗਾਜ਼ ਕਰਨ ਵਾਲੇ ਅਨਵਰ ਅਲੀ ਨੂੰ ਦੇਸ਼ 'ਚ ਖੇਡੇ ਗਏ ਅੰਡਰ-17 ਫੀਫਾ ਵਰਲਡ ਕੱਪ 'ਚ ਕੌਮੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਹਾਸਲ ਹੈ।