ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮੌਜੂਦਾ ਯੁਵਾ ਵਿਸ਼ਵ ਚੈਂਪੀਅਨ ਅਲਫੀਆ ਪਠਾਨ ਤੇ ਗੀਤਿਕਾ ਨੇ ਸੋਮਵਾਰ ਨੂੰ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਜਦਕਿ ਭਾਰਤ ਦੀ ਹੋਰ ਦੋ ਮਹਿਲਾ ਮੁੱਕੇਬਾਜ਼ ਕਲਾਈਵਾਨੀ ਸ਼੍ਰੀਨਿਵਾਸਨ ਤੇ ਜਮੁਨਾ ਬੋਰੋ ਨੇ ਕਜ਼ਾਕਿਸਤਾਨ ਦੀ ਰਾਜਧਾਨੀ ਨੂਰ-ਸੁਲਤਾਨ ਵਿਚ ਕਰਵਾਏ ਏਲੋਰਡਾ ਕੱਪ ਵਿਚ ਸਿਲਵਰ ਮੈਡਲਾਂ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ। ਅਲਫੀਆ ਨੇ ਖ਼ਿਤਾਬ ਦੀ ਮੁੱਖ ਦਾਅਵੇਦਾਰ ਮੰਨੀ ਜਾਣ ਵਾਲੀ ਲੱਜਤ ਕੁੰਗੇਈਬਾਯੇਵਾ ਨੂੰ ਮਹਿਲਾਵਾਂ ਦੇ 81 ਕਿਲੋਗ੍ਰਾਮ ਭਾਰ ਵਰਗ ਤੋਂ ਵੱਧ ਦੇ ਫਾਈਨਲ ਵਿਚ ਇਕਤਰਫ਼ਾ ਅੰਦਾਜ਼ ਵਿਚ 5-0 ਨਾਲ ਹਰਾਇਆ ਜਦਕਿ ਗੀਤਿਕਾ ਨੇ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਹਮਵਤਨ ਕਲਾਈਵਾਨੀ 'ਤੇ 4-1 ਨਾਲ ਰੋਮਾਂਚਕ ਜਿੱਤ ਦਰਜ ਕੀਤੀ।

ਇਸ ਵਿਚਾਲੇ ਜਮੂਨਾ ਨੇ ਉਜ਼ਬੇਕਿਸਤਾਨ ਦੀ ਨਿਗੀਨਾ ਉਕਟਮੋਵਾ ਖ਼ਿਲਾਫ਼ ਆਪਣਾ ਸਭ ਕੁਝ ਦਾਅ 'ਤੇ ਲਾ ਦਿੱਤਾ ਪਰ ਉਹ 54 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ 0-5 ਨਾਲ ਹਾਰ ਗਈ। ਆਖ਼ਰੀ ਦਿਨ ਦੋ ਗੋਲਡ ਤੇ ਇੰਨੇ ਹੀ ਸਿਲਵਰ ਮੈਡਲ ਜਿੱਤਣ ਨਾਲ ਭਾਰਤੀ ਟੀਮ ਨੇ ਟੂਰਨਾਮੈਂਟ ਦੇ ਉਦਘਾਟਨੀ ਐਡੀਸ਼ਨ ਵਿਚ 10 ਕਾਂਸੇ ਸਮੇਤ ਕੁੱਲ 14 ਮੈਡਲਾਂ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ।

Posted By: Gurinder Singh