ਨਵੀਂ ਦਿੱਲੀ (ਪੀਟੀਆਈ) : ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਅਲਫੀਆ ਪਠਾਨ (ਪਲੱਸ 81 ਕਿਲੋਗ੍ਰਾਮ) ਨੇ ਮੋਂਟੇਨੇਗ੍ਰੋ ਵਿਚ ਚੱਲ ਰਹੇ 30ਵੇਂ ਏਡਿ੍ਆਟਿਕ ਪਰਲ ਟੂਰਨਾਮੈਂਟ ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ ਜਦਕਿ ਪੰਜ ਹੋਰ ਮੁੱਕੇਬਾਜ਼ ਫਾਈਨਲ ਵਿਚ ਪੁੱਜ ਗਏ। ਬੇਬੀਰੋਜੀਸਨਾ ਚਾਨੂ (51 ਕਿਲੋਗ੍ਰਾਮ), ਵਿੰਕਾ (60 ਕਿਲੋਗ੍ਰਾਮ), ਅਰੁੰਧਤੀ (69 ਕਿਲੋਗ੍ਰਾਮ) ਤੇ ਸਨਾਮਾਚਾ ਚਾਨੂ (75 ਕਿਲੋਗ੍ਰਾਮ) ਨੇ ਵੀ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਏਸ਼ਿਆਈ ਜੂਨੀਅਰ ਚੈਂਪੀਅਨ 2019 ਅਲਫੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੋਲਦੋਵਾ ਦੀ ਦਾਰੀਆ ਕੋਜੋਰੇਵ ਨੂੰ 5-0 ਨਾਲ ਹਰਾਇਆ। ਉਥੇ 51 ਕਿਲੋਗ੍ਰਾਮ ਫਲਾਇਵੇਟ ਵਿਚ ਭਾਰਤ ਦੀ ਬੇਬੀਰੋਜੀਸਨਾ ਨੇ ਵੰਡੇ ਹੋਏ ਫ਼ੈਸਲੇ ਦੇ ਆਧਾਰ 'ਤੇ ਉੁਜ਼ਬੇਕਿਸਤਾਨ ਦੀ ਫਿਰੋਜ਼ਾ ਕਾਜਾਕੋਵਾ ਨੂੰ 3-2 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਰੋਹਤਕ ਦੀ ਵਿੰਕਾ ਨੇ ਫਿਨਲੈਂਡ ਦੀ ਸੁਵੀ ਤੁਜੁਲਾ ਨੂੰ ਹਰਾਇਆ। ਹੁਣ ਉਸ ਦਾ ਸਾਹਮਣਾ ਮੋਲਦੋਵਾ ਦੀ ਕ੍ਰਿਸਟੀਅਨ ਕਾਈਪੇਰ ਨਾਲ ਹੋਵੇਗਾ। ਅਰੁੰਧਤੀ ਨੇ ਆਪਣਾ ਮੁਕਾਬਲਾ 5-0 ਨਾਲ ਜਿੱਤਿਆ। ਉਥੇ ਚਾਨੂ ਨੇ ਉਜ਼ਬੇਕਿਸਤਾਨ ਦੀ ਸੋਖਿਬਾ ਰੁਜਮੇਤੋਵਾ ਨੂੰ 5-0 ਨਾਲ ਮਾਤ ਦਿੱਤੀ। ਹੁਣ ਉਹ ਫਾਈਨਲ ਵਿਚ ਹਮਵਤਨ ਰਾਜ ਸਾਹਿਬਾ ਨਾਲ ਭਿੜੇਗੀ। ਭਾਰਤ ਨੇ 75 ਕਿਲੋਗ੍ਰਾਮ ਵਿਚ ਦੋ ਮੁੱਕੇਬਾਜ਼ ਉਤਾਰੇ ਹਨ ਤੇ ਫਾਈਨਲ ਵਿਚ ਦੋਵਾਂ ਦਾ ਸਾਹਮਣਾ ਹੋਵੇਗਾ। ਹੋਰ ਮੁਕਾਬਲਿਆਂ ਵਿਚ ਨੇਹਾ ਨੂੰ 54 ਕਿਲੋਗ੍ਰਾਮ ਵਿਚ ਸੈਮੀਫਾਈਨਲ ਵਿਚ ਚੈੱਕ ਗਣਰਾਜ ਦੀ ਕਲਾਉਡੀ ਤੋਤੋਵਾ ਨੇ 5-0 ਨਾਲ ਹਰਾਇਆ।

ਆਕਾਸ਼ ਤੇ ਨਰਵਾਲ ਨੂੰ ਸਹਿਣੀ ਪਈ ਹਾਰ :

ਮਰਦ ਵਰਗ ਵਿਚ ਆਕਾਸ਼ ਗੋਰਖਾ 60 ਕਿਲੋਗ੍ਰਾਮ ਤੇ ਅੰਕਿਤ ਨਰਵਾਲ 64 ਕਿਲੋਗ੍ਰਾਮ 'ਚ ਹਾਰ ਗਏ। ਭਾਰਤੀ ਟੀਮ ਨੇ ਹੁਣ ਤਕ 12 ਮੈਡਲ ਤੈਅ ਕਰ ਲਏ ਹਨ ਜਿਨ੍ਹਾਂ ਵਿਚ ਪੰਜ ਮਹਿਲਾਵਾਂ ਗੋਲਡ ਮੈਡਲ ਜਿੱਤਣ ਦੀ ਦਹਿਲੀਜ਼ 'ਤੇ ਹਨ।

Posted By: Susheel Khanna