ਹਰਨੂਰ ਸਿੰਘ ਮਨੌਲੀ, ਨਵੀਂ ਦਿੱਲੀ : ਮੇਜਰ ਧਿਆਨ ਚੰਦ ਸਿੰਘ ਨੈਸ਼ਨਲ ਸਪੋਰਟਸ ਮਿਸ਼ਨ ਨਵੀਂ ਦਿੱਲੀ ਵਲੋਂ ਮਰਹੂਮ ਹਾਕੀ ਓਲੰਪੀਅਨ ਮੇਜਰ ਧਿਆਨ ਚੰਦ ਸਿੰਘ ਨੂੰ 'ਭਾਰਤ ਰਤਨ' ਦੇਣ ਦੀ ਮੁਹਿੰਮ ਤਹਿਤ ਮੇਜਰ ਧਿਆਨ ਚੰਦ ਸਿੰਘ ਨੈਸ਼ਨਲ ਹਾਕੀ ਸਟੇਡੀਅਮ 'ਚ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਓਲੰਪੀਅਨ ਅਸ਼ੋਕ ਕੁਮਾਰ ਸਿੰਘ, ਵਿਨੀਤ ਕੁਮਾਰ, ਅਬਦੁੱਲ ਅਜ਼ੀਜ਼, ਐੱਮਕੇ ਕੌਸ਼ਿਕ, ਰੋਮੀਓ ਜੇਮਜ਼, ਅਜੀਤ ਸਿੰਘ, ਕਿ੍ਕਟਰ ਸੁਰਿੰਦਰ ਖੰਨਾ, ਕੌਮਾਂਤਰੀ ਹਾਕੀ ਖਿਡਾਰੀਆਂ ਸੰਜੇ ਭਾਟੀਆ, ਸ਼੍ਰੀ ਪ੍ਰਕਾਸ਼ ਤੇ ਅਵਿਨਾਸ਼ ਸਰਮਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੇ ਆਗਾਜ਼ ਤੋਂ ਪਹਿਲਾਂ ਸਾਰੇ ਕੌਮਾਂਤਰੀ ਖਿਡਾਰੀਆਂ ਨੇ ਨੈਸ਼ਨਲ ਸਟੇਡੀਅਮ 'ਚ ਸਥਿਤ ਮੇਜਰ ਧਿਆਨ ਚੰਦ ਸਿੰਘ ਦੀ ਪ੍ਰਤਿਮਾ 'ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਉਨ੍ਹਾਂ ਦੀ ਵਿਸ਼ਵ ਭਾਰਤੀ ਹਾਕੀ ਨੂੰ ਦਿੱਤੀ ਦੇਣ ਨੂੰ ਯਾਦ ਕੀਤਾ ਗਿਆ।

ਸ਼ੁਰੂਆਤ 'ਚ ਮੇਜਰ ਧਿਆਨ ਚੰਦ ਸਿੰਘ ਨੈਸ਼ਨਲ ਸਪੋਰਟਸ ਮਿਸ਼ਨ ਦੇ ਕਨਵੀਨਰ ਡਾ. ਪ੍ਰਦੀਪ ਰਘੂਨੰਦਰ ਨੇ ਦੱਸਿਆ ਕਿ ਸਮਾਗਮ 'ਚ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹਾ ਤੋਂ 1550 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਕੇ ਤਾਰਕ ਕੁਮਾਰ ਪਾਰਕਰ ਵੀ ਹਾਕੀ ਦੇ ਜਾਦੂਗਰ ਧਿਆਨ ਚੰਦ ਸਿੰਘ ਨੂੰ ਨਮਨ ਕਰਨ ਲਈ ਪਹੁੰਚੇ ਹਨ। ਡਾ. ਪ੍ਰਦੀਪ ਰਘੂਨੰਦਰ ਨੇ ਦੱਸਿਆ ਕਿ ਲੰਘੇ ਸਾਲ ਅਗਸਤ 'ਚ ਮੇਜਰ ਧਿਆਨ ਚੰਦ ਸਿੰਘ ਦੇ ਜਨਮ ਦਿਨ 'ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਾਜੂ ਨੂੰ ਇਕ ਪ੍ਰਤੀਨਿਧ ਮੰਡਲ, ਜਿਸ 'ਚ ਓਲੰਪੀਅਨ ਹਾਕੀ ਖਿਡਾਰੀਆਂ ਵਿਨੀਤ ਕੁਮਾਰ, ਅਜੀਤ ਸਿੰਘ, ਅਬਦੁਲ ਅਜ਼ੀਜ਼, ਦਿਵੇਸ਼ ਚੌਹਾਨ, ਰੋਮੀਓ ਜੇਮਜ਼, ਮਹਾਰਾਜ ਕੌਸ਼ਿਕ, ਅਸ਼ੋਕ ਕੁਮਾਰ ਸਿੰਘ ਅਤੇ ਕ੍ਰਿਕਟਰ ਸੁਰਿੰਦਰ ਖੰਨਾ ਸ਼ਾਮਲ ਸਨ, ਵਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਸਿੰਘ ਨੂੰ 'ਭਾਰਤ ਰਤਨ' ਦੇਣ ਸਬੰਧੀ ਮੰਗ ਪੱਤਰ ਸੌਂਪਿਆ ਸੀ। ਕਾਬਿਲੇਗੌਰ ਹੈ ਕਿ ਮੇਜਰ ਧਿਆਨ ਚੰਦ ਸਿੰਘ ਦੇ ਜਨਮ ਦਿਨ ਨੂੰ ਦੇਸ਼ 'ਚ ਖੇਡ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਹਾਕੀ ਓਲੰਪੀਅਨ ਵਿਨੀਤ ਕੁਮਾਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਮੇਜਰ ਧਿਆਨ ਚੰਦ ਸਿੰਘ ਨੂੰ 'ਭਾਰਤ ਰਤਨ' ਨਾ ਦੇਣ ਸਦਕਾ ਉਨ੍ਹਾਂ ਦੀਆਂ ਦੇਸ਼ ਅਤੇ ਦੁਨੀਆ ਦੀ ਹਾਕੀ ਖੇਡ ਨੂੰ ਦਿੱਤੀਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਓਲੰਪੀਅਨ ਅਜੀਤ ਸਿੰਘ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਰਕਾਰਾਂ ਨੂੰ ਸਵਾਲ ਕਰਨਗੀਆਂ ਕਿ ਆਖਿਰ ਮੇਜਰ ਧਿਆਨ ਚੰਦ ਸਿੰਘ ਨੂੰ 'ਭਾਰਤ ਰਤਨ' ਨਾ ਦੇਣ ਦੇ ਕੀ ਕਾਰਨ ਸਨ ਜਦਕਿ ਜਰਮਨੀ ਦੇ ਤਾਨਸ਼ਾਹ ਰਿਡੋਲਫ ਹਿਟਲਰ ਨੇ ਤਾਂ ਓਲੰਪਿਕ-1936 'ਚ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਦਾਦਾ ਧਿਆਨ ਚੰਦ ਨੂੰ ਆਪਣੀ ਫ਼ੌਜ 'ਚ ਜਨਰਲ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਕ੍ਰਿਕਟਰ ਸੁਰਿੰਦਰ ਖੰਨਾ ਨੇ ਮੌਜੂਦਾ ਕੇਂਦਰੀ ਸਰਕਾਰ ਨੂੰ ਹਾਕੀ ਦੇ ਬਾਦਸ਼ਾਹ ਧਿਆਨ ਚੰਦ ਸਿੰਘ ਨੂੰ ਬਿਨਾਂ ਦੇਰੀ 'ਭਾਰਤ ਰਤਨ' ਦੇਣ ਦੀ ਅਪੀਲ ਕੀਤੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਪੁੱਤਰ ਨੇ ਕਿਹਾ ਕਿ ਉਹ ਤਾਂ ਪਿਤਾ ਨੂੰ 'ਭਾਰਤ ਰਤਨ' ਦੇਣ ਦੀ ਮੰਗ ਕਰਨ ਵਾਲੇ ਇਸ ਸਮਾਗਮ 'ਚ ਹਾਜ਼ਰੀ ਭਰਨ ਨੂੰ ਹੀ ਤਿਆਰ ਨਹੀਂ ਸਨ। ਉਨ੍ਹਾਂ ਦੱਸਿਆ ਉਹ ਤਾਂ ਕਈ ਵਾਰ ਪਹਿਲਾਂ ਇਹ ਸਪਸ਼ਟ ਕਰ ਚੁੱਕੇ ਹਨ ਕਿ ਉਹ ਆਪਣੇ ਪਿਤਾ ਨੂੰ 'ਭਾਰਤ ਰਤਨ' ਦੇਣ ਲਈ ਕਿਸੇ ਵੀ ਸਰਕਾਰ ਜਾਂ ਸੰਸਥਾ ਅੱਗੇ ਪੱਲਾ ਨਹੀਂ ਅੱਡਣਗੇ। ਤਾਰਕ ਕੁਮਾਰ ਪਾਰਕਰ ਨੇ ਦੱਸਿਆ ਕਿ ਉਹ ਉਦੋਂ ਤਕ ਆਪਣੀ ਕੋਸ਼ਿਸ਼ ਜਾਰੀ ਰੱਖਣਗੇ ਜਦੋਂ ਤਕ ਮੇਜਰ ਧਿਆਨ ਚੰਦ ਸਿੰਘ ਨੂੰ 'ਭਾਰਤ ਰਤਨ' ਨਹੀਂ ਦਿੱਤਾ ਜਾਂਦਾ।

ਸਮਾਗਮ ਦੇ ਅੰਤ 'ਚ ਮੇਜਰ ਧਿਆਨ ਚੰਦ ਸਿੰਘ ਨੈਸ਼ਨਲ ਸਪੋਰਟਸ ਮਿਸ਼ਨ ਦੇ ਬੁਲਾਰੇ ਤੇ ਕੌਮੀ ਕਨਵੀਨਰ ਡਾ. ਪ੍ਰਦੀਪ ਰਘੂਨੰਦਰ ਨੇ ਖੁਲਾਸਾ ਕੀਤਾ ਕਿ ਸਰਕਾਰ ਮੇਜਰ ਧਿਆਨ ਚੰਦ ਸਿੰਘ ਨੂੰ 'ਭਾਰਤ ਰਤਨ' ਦੇਵੇ ਜਾਂ ਨਾ ਦੇਵੇ ਪਰ ਇਸ ਸਾਲ ਉਨ੍ਹਾਂ ਦੀ ਸੰਸਥਾ ਦਾਦਾ ਧਿਆਨ ਚੰਦ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ 'ਜਨ ਭਾਰਤ ਰਤਨ' ਐਵਾਰਡ ਨਾਲ ਸਨਮਾਨਤ ਕਰੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਹਾਕੀ ਦੇ ਜਾਦੂਗਰ ਧਿਆਨ ਚੰਦ ਦੀ ਵਿਸ਼ਵ ਤੇ ਕੌਮੀ ਹਾਕੀ ਦੇਣ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।