ਚੇਨਈ (ਪੀਟੀਆਈ) : ਵਿਸ਼ਵਨਾਥਨ ਆਨੰਦ ਨੇ ਲਗਾਤਾਰ ਹਾਰ ਦੇ ਸਿਲਸਿਲੇ ਨੂੰ ਤੋੜਦੇ ਹੋਏ ਸੱਤਵੇਂ ਗੇੜ ਵਿਚ ਇਜ਼ਰਾਈਲ ਦੇ ਬੋਰਿਸ ਗੇਲਫਾਂਡ ਨੂੰ 2.5-0.5 ਨਾਲ ਹਰਾ ਕੇ ਲਿਜੈਂਡਜ਼ ਆਨਲਾਈਨ ਸ਼ਤਰੰਜ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਆਨੰਦ ਲਗਾਤਾਰ ਛੇ ਹਾਰਾਂ ਤੋਂ ਬਾਅਦ ਆਪਣੇ ਪੁਰਾਣੇ ਵਿਰੋਧੀ ਦੇ ਸਾਹਮਣੇ ਸਨ। ਇਹ ਭਾਰਤੀ ਸੋਮਵਾਰ ਦੀ ਰਾਤ ਨੂੰ ਸ਼ੁਰੂਆਤ ਵਿਚ ਚੰਗੀ ਸਥਿਤੀ ਦਾ ਫ਼ਾਇਦਾ ਨਾ ਉਠਾਉਣ ਦੇ ਬਾਵਜੂਦ ਟੂਰਨਾਮੈਂਟ ਵਿਚ ਪਹਿਲੀ ਬਾਜ਼ੀ ਜਿੱਤਣ ਵਿਚ ਕਾਮਯਾਬ ਰਿਹਾ। ਉਨ੍ਹਾਂ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 45 ਚਾਲਾਂ ਵਿਚ ਜਿੱਤ ਦਰਜ ਕੀਤੀ ਤੇ ਦੂਜੀ ਬਾਜ਼ੀ ਵਿਚ ਵੀ ਚੰਗਾ ਪ੍ਰਦਰਸ਼ਨ ਜਾਰੀ ਰੱਖ ਕੇ 49 ਚਾਲਾਂ ਵਿਚ ਉਸ ਨੂੰ ਆਪਣੇ ਨਾਂ ਕੀਤਾ। ਆਨੰਦ ਨੇ ਇਸ ਤੋਂ ਬਾਅਦ 2012 ਦੀ ਵਿਸ਼ਵ ਚੈਂਪੀਅਨਸ਼ਿਪ ਦੇ ਆਪਣੇ ਚੈਲੰਜਰ ਖ਼ਿਲਾਫ਼ ਤੀਜੀ ਬਾਜ਼ੀ ਡਰਾਅ ਖੇਡੀ ਤੇ 46 ਚਾਲ ਤਕ ਚੱਲੀ। ਇਸ ਜਿੱਤ ਨਾਲ ਆਨੰਦ ਛੇ ਅੰਕਾਂ ਨਾਲ ਅੱਠਵੇਂ ਸਥਾਨ 'ਤੇ ਪੁੱਜ ਗਏ ਹਨ। ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੇ ਪੀਟਰ ਸਵੀਡਲਰ ਨੂੰ 2.5-1.5 ਨਾਲ ਹਰਾ ਕੇ ਆਪਣੀ ਬੜ੍ਹਤ ਮਜ਼ਬੂਤ ਕਰ ਦਿੱਤੀ।