ਨਵੀ ਦਿੱਲੀ (ਜੇਐੱਨਐੱਨ) : ਗੋਲਡਕੋਸਟ (ਆਸਟ੍ਰੇਲੀਆ) ਰਾਸ਼ਟਰਮੰਡਲ ਖੇਡਾਂ ਦੀ ਗੋਲਡਨ ਗਰਲ ਸ਼੍ਰੇਅਸੀ ਸਿੰਘ ਦਾ ਸੁਪਨਾ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨਾ ਹੈ। ਹਾਲਾਂਕਿ ਕੋਰੋਨਾ ਕਾਰਨ ਹੋਏ ਲਾਕਡਾਊਨ ਨਾਲ ਉਨ੍ਹਾਂ ਦੀ ਉਡੀਕ ਹੁਣ ਇਕ ਸਾਲ ਵਧ ਗਈ ਹੈ ਪਰ ਸਟਾਰ ਨਿਸ਼ਾਨੇਬਾਜ਼ ਨੂੰ ਪੂਰੀ ਉਮੀਦ ਹੈ ਕਿ ਉਹ ਅਗਲੇ ਸਾਲ ਟੋਕੀਓ ਓਲੰਪਿਕ ਲਈ ਬਚੇ ਕੋਟੇ ਨੂੰ ਹਾਸਲ ਕਰਨ ਵਿਚ ਜ਼ਰੂਰ ਕਾਮਯਾਬ ਹੋਵੇਗੀ। ਲਾਕਡਾਊਨ ਵਿਚ ਦਿੱਲੀ ਵਿਚ ਰਹਿ ਰਹੀ ਬਿਹਾਰ ਦੇ ਬਾਂਕਾ ਨਿਵਾਸੀ ਸ਼੍ਰੇਅਸੀ ਨੇ ਜਾਗਰਣ ਨਾਲ ਇਕ ਮੁਲਾਕਾਤ ਦੌਰਾਨ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਤੇ ਏਸ਼ੀਅਨ ਖੇਡਾਂ ਵਿਚ ਮੈਂ 2014 ਤੋਂ ਹਿੱਸਾ ਲੈ ਰਹੀ ਹਾਂ ਤੇ ਮੈਡਲ ਜਿੱਤ ਰਹੀ ਹਾਂ ਪਰ ਮੇਰੇ ਜੀਵਨ ਦਾ ਸੁਪਨਾ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨਾ ਹੈ। ਇਸ ਨੂੰ ਮੈਂ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਹਾਸਲ ਕਰਨਾ ਚਾਹੁੰਦੀ ਹਾਂ। ਕੋਰੋਨਾ ਕਾਰਨ ਸਾਈਪ੍ਰਸ ਵਿਚ ਵਿਸ਼ਵ ਕੱਪ ਕੁਆਲੀਫਾਇੰਗ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੀ ਸੀ। ਦਿੱਲੀ ਵਿਚ ਵੀ ਵਿਸ਼ਵ ਕੱਪ ਸ਼ੂਟਿੰਗ ਚੈਂਪੀਅਨਸ਼ਿਪ ਮੁਲਤਵੀ ਹੋ ਗਈ। ਫ਼ਿਲਹਾਲ ਅਗਸਤ ਤਕ ਸ਼ੂਟਿੰਗ ਦੀਆਂ ਸਾਰੀਆਂ ਚੈਂਪੀਅਨਸ਼ਿਪਾਂ ਮੁਲਤਵੀ ਹਨ। ਇਸ ਤੋਂ ਬਾਅਦ ਜਦ ਕੁਆਲੀਫਾਇੰਗ ਟੂਰਨਾਮੈਂਟ ਸ਼ੁਰੂ ਹੋਣਗੇ ਤਾਂ ਮੇਰਾ ਇੱਕੋ ਇਕ ਟਾਰਗੈਟ ਓਲੰਪਿਕ ਕੋਟਾ ਰਹੇਗਾ।