ਜੇ ਮਨੁੱਖ ਅੰਦਰ ਕੁਝ ਕਰਨ ਦੀ ਚਾਹਤ ਤੇ ਹੌਸਲਾ ਹੋਵੇ ਤਾਂ ਵੱਡੀ ਤੋਂ ਵੱਡੀ ਸਮੱਸਿਆ ਵੀ ਸਫਲਤਾ ਦੇ ਰਾਸਤੇ 'ਚ ਅੜਿੱਕਾ ਨਹੀਂ ਬਣ ਸਕਦੀ। ਅਜਿਹੇ ਹੀ ਹੌਸਲੇ ਦੀ ਮਿਸਾਲ ਹੈ ਪੈਰਾ ਬੈਡਮਿੰਟਨ ਖਿਡਾਰਨ ਮਾਨਸੀ ਜੋਸ਼ੀ। ਆਪਣੀ ਖੱਬੀ ਲੱਤ ਤੋਂ ਅਪੰਗ ਮਾਨਸੀ ਜੋਸ਼ੀ ਨੇ ਸਵਿਟਜ਼ਰਲੈਂਡ ਵਿਚ ਵਿਸ਼ਵ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਆਪਣੇ ਨਾਂ ਕਰ ਕੇ ਇਤਿਹਾਸ ਸਿਰਜਿਆ ਹੈ। ਮਾਨਸੀ ਨੇ ਇਹ ਸੋਨ ਤਗਮਾ ਔਰਤਾਂ ਦੇ ਸਿੰਗਲ ਐੱਸਐੱਲ-3 ਦੇ ਫਾਈਨਲ ਮੁਕਾਬਲੇ 'ਚ ਭਾਰਤ ਦੀ ਹੀ ਪਾਰੁਲ ਪਰਮਾਰ ਨੂੰ 21-12 ਤੇ 21-7 ਨਾਲ ਹਰਾ ਕੇ ਜਿੱਤਿਆ ਹੈ।

ਸੜਕ ਹਾਦਸੇ 'ਚ ਕੱਟੀ ਗਈ ਸੀ ਲੱਤ

ਮਾਨਸੀ ਨੇ ਇਲੈਕਟ੍ਰਾਨਿਕਸ ਇੰਜੀਨਿਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ ਮੁੰਬਈ ਦੀ ਇਕ ਕੰਪਨੀ 'ਚ ਨੌਕਰੀ ਕਰਨ ਤੋਂ ਬਾਅਦ 'ਦਿ ਗੁਜਰਾਤ ਸਟੇਟ ਕਾਪ੍ਰੇਟਿਵ ਬੈਂਕ 'ਚ ਆਈਟੀ ਵਿਭਾਗ 'ਚ ਸਹਾਇਕ ਮੈਨੇਜਰ ਦੀ ਨੌਕਰੀ ਕਰਦੀ ਹੈ। ਮਾਨਸੀ ਦੇ ਜੀਵਨ ਵਿਚ ਵੱਡੀ ਤਬਦੀਲੀ ਇਕ ਸੜਕ ਦੁਰਘਟਨਾਂ ਨਾਲ ਆਈ। 2 ਦਸੰਬਰ 2011 ਨੂੰ ਉਸ ਦੀ ਸਕੂਟਰੀ ਟਰੱਕ ਨਾਲ ਟਕਰਾਉਣ ਕਾਰਨ ਉਸ ਦੀ ਖੱਬੀ ਲੱਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਆਪ੍ਰੇਸ਼ਨ ਕੀਤਾ ਗਿਆ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਨਫੈਕਸ਼ਨ ਫੈਲਣ ਕਾਰਨ ਅਖ਼ੀਰ ਲੱਤ ਕੱਟਣੀ ਪਈ। ਹਸਪਤਾਲ ਤੋਂ ਘਰ ਵਾਪਸੀ ਉਪਰੰਤ ਉਸ ਨੇ ਇਸ ਦੁਰਘਟਨਾ ਤੋਂ ਚਾਰ ਮਹੀਨੇ ਬਾਅਦ ਨਕਲੀ ਲੱਤ ਲਗਵਾਈ। ਮਾਨਸੀ ਨੇ ਇਸ ਨਕਲੀ ਲੱਤ ਨਾਲ ਸੰਤੁਲਨ ਬਣਾਉਣਾ ਤੇ ਖੇਡਣਾ ਸਿੱਖਣ ਲਈ ਸਖ਼ਤ ਮਿਹਨਤ ਕੀਤੀ।

ਪ੍ਰਾਪਤੀਆਂ

ਹਾਦਸੇ ਦੇ ਦੁਖਾਂਤ 'ਤੋਂ ਉਭਰਨ 'ਤੇ ਉਸ ਨੇ ਵੱਡੇ ਪੱਧਰ 'ਤੇ ਬੈਡਮਿੰਟਨ ਖੇਡਣ ਦਾ ਫ਼ੈਸਲਾ ਲਿਆ। ਉਸ ਨੇ ਪੁਲੇਲਾ ਗੋਪੀਚੰਦ ਅਕੈਡਮੀ ਹੈਦਰਾਬਾਦ 'ਚ ਕੋਚ ਗੋਪੀ ਚੰਦ ਕੋਲ ਪ੍ਰੈਕਟਿਸ ਸ਼ੁਰੂ ਕੀਤੀ, ਜੋ ਮੌਜੂਦਾ ਸਮੇਂ ਤਕ ਜਾਰੀ ਹੈ। ਉਹ 2014 ਤਕ ਪੈਰਾ ਬੈਡਮਿੰਟਨ ਦੀ ਪੇਸ਼ੇਵਰ ਖਿਡਾਰਨ ਬਣ ਚੁੱਕੀ ਸੀ। ਉਸ ਨੇ 2014 ਦੀਆਂ ਏਸ਼ਿਆਈ ਖੇਡਾਂ ਲਈ ਟ੍ਰਾਇਲ ਦਿੱਤਾ ਪਰ ਸਫਲ ਨਾ ਹੋਈ। 2015 'ਚ ਇੰਗਲੈਂਡ ਵਿਖੇ ਵਿਸ਼ਵ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਲਈ ਚੁਣੀ ਗਈ। ਉਸ ਨੇ ਇਸ ਚੈਂਪੀਅਨਸ਼ਿਪ ਦੇ ਡਬਲਜ਼ ਮੁਕਾਬਲੇ 'ਚ ਸਿਲਵਰ ਮੈਡਲ ਜਿੱਤਿਆ। 2016 'ਚ ਹੋਈ ਏਸ਼ੀਅਨ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 'ਚ ਉਸ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜੁਲਾਈ 2018 ਵਿਚ ਬੈਂਕਾਕ, ਥਾਈਲੈਂਡ ਵਿਥੇ ਹੋਏ ਪੈਰਾ ਬੈਡਮਿੰਟਨ ਟੂਰਨਾਮੈਂਟ 'ਚ ਉਸ ਨੇ ਔਰਤਾਂ ਦੇ ਸਿੰਗਲਜ਼ ਮੁਕਾਬਲੇ ਵਿਚ ਕਾਂਸ਼ੀ ਦਾ ਤਗਮਾ ਪ੍ਰਾਪਤ ਕੀਤਾ। ਉਸ ਨੇ 2018 ਦੀਆਂ ਪੈਰਾ ਏਸ਼ੀਅਨ ਖੇਡਾਂ ਵਿਚ ਵੀ ਕਾਂਸੇ ਦਾ ਤਗਮਾ ਹਾਸਲ ਕੀਤਾ। ਮਾਨਸੀ ਨੇ 2017 ਦੀ ਵਿਸ਼ਵ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਦੱਖਣੀ ਕੋਰੀਆ ਵਿਖੇ ਖੇਡਦਿਆਂ ਔਰਤਾਂ ਦੇ ਸਿੰਗਲਜ਼ ਵਿਚ ਕਾਂਸ਼ੀ ਦੇ ਤਗਮੇ ਨੂੰ ਗਲੇ ਦਾ ਸ਼ਿੰਗਾਰ ਬਣਾਇਆ।

ਵਿਸ਼ਵ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਸਵਿਟਜ਼ਰਲੈਂਡ (2019) ਦੌਰਾਨ ਬਾਸੇਲ ਵਿਖੇ ਉਸ ਨੇ ਸੋਨ ਤਗਮੇ ਤੇ ਕਬਜ਼ਾ ਕਰਦਿਆਂ ਆਪਣੀ ਅੱਠ ਸਾਲ ਦੀ ਸਖ਼ਤ ਮਿਹਨਤ, ਹਿੰਮਤ ਤੇ ਹੌਂਸਲੇ ਦੀ ਸਫਲਤਾ ਉੱਪਰ ਮੋਹਰ ਲਗਾ ਦਿੱਤੀ। ਉਸ ਦਾ ਅਗਲਾ ਟੀਚਾ ਟੋਕੀਓ ਓਲੰਪਿਕ ਖੇਡਾਂ ਹਨ।

ਬਚਪਨ ਤੋਂ ਸੀ ਬੈਡਮਿੰਟਨ ਨਾਲ ਲਗਾਅ

ਮਾਨਸੀ ਜੋਸ਼ੀ ਦਾ ਸਬੰਧ ਗੁਜਰਾਤ ਦੇ ਅਹਿਮਦਾਬਾਦ ਨਾਲ ਹੈ। ਉਸ ਦਾ ਜਨਮ 11 ਜੂਨ 1989 ਨੂੰ ਹੋਇਆ। ਮਾਨਸੀ ਮੁੰਬਈ ਵਿਚ ਪਲੀ ਤੇ ਵੱਡੀ ਹੋਈ ਹੈ। ਉਸ ਦੇ ਪਿਤਾ ਭਾਭਾ ਐਟਾਮਿਕ ਰਿਸਰਚ ਕੇਂਦਰ ਵਿਚ ਵਿਗਿਆਨੀ ਸਨ। ਮਾਨਸੀ ਨੂੰ ਬੈਡਮਿੰਟਨ ਨਾਲ ਲਗਾਅ ਬਚਪਨ ਤੋਂ ਹੀ ਸੀ ਅਤੇ ਉਸ ਨੇ ਛੇ ਸਾਲ ਦੀ ਉਮਰ 'ਚ ਬੈਡਮਿੰਟਨ ਖੇਡਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਬੈਡਮਿੰਟਨ ਦੀਆਂ ਬਾਰੀਕੀਆਂ ਸਿੱਖਣ ਲਈ ਬਾਕਾਇਦਾ ਕੋਚਿੰਗ ਵੀ ਲਈ। ਉਹ ਸਕੂਲ ਅਤੇ ਕਾਲਜ ਪੱਧਰ 'ਤੇ ਬੈਡਮਿੰਟਨ ਖੇਡਦੀ ਰਹੀ।

ਜੱਗਾ ਸਿੰਘ ਆਦਮਕੇ

9417832908

Posted By: Harjinder Sodhi