ਮਾਲੇ (ਪੀਟੀਆਈ) : ਖ਼ਰਾਬ ਲੈਅ ਨਾਲ ਜੂਝ ਰਹੀ ਭਾਰਤੀ ਮਰਦ ਫੁੱਟਬਾਲ ਟੀਮ ਸੈਫ ਚੈਂਪੀਅਨਸ਼ਿਪ ਦੇ ਆਖ਼ਰੀ ਲੀਗ ਮੈਚ ਵਿਚ ਮੇਜ਼ਬਾਨ ਮਾਲਦੀਵ ਨਾਲ ਮੁਕਾਬਲਾ ਕਰੇਗੀ ਤੇ 'ਕਰੋ ਜਾਂ ਮਰੋ' ਦੇ ਇਸ ਮੁਕਾਬਲੇ ਵਿਚ ਜਿੱਤ ਹੀ ਉਸ ਨੂੰ ਬਾਹਰ ਹੋਣ ਤੋਂ ਬਚਾ ਸਕਦੀ ਹੈ। ਡਰਾਅ ਜਾਂ ਹਾਰ ਦੀ ਹਾਲਤ ਵਿਚ ਭਾਰਤ ਫਾਈਨਲ ਦੀ ਦੌੜ 'ਚੋਂ ਬਾਹਰ ਹੋ ਜਾਵੇਗਾ ਤੇ ਇਹ ਪਿਛਲੇ ਕੁਝ ਸਾਲ ਵਿਚ ਉਸ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੋਵੇਗਾ। ਇਸ ਨਾਲ ਭਾਰਤੀ ਟੀਮ ਦੇ ਕੋਚ ਇਗੋਰ ਸਟੀਮਕ ਨੂੰ ਹਟਾਉਣ ਦੀ ਮੰਗ ਵੀ ਜ਼ੋਰ ਫੜਨ ਲੱਗੇਗੀ। ਸੱਤ ਵਾਰ ਦੀ ਚੈਂਪੀਅਨ ਭਾਰਤੀ ਟੀਮ ਇਸ ਤੋਂ ਪਹਿਲਾਂ 2003 ਵਿਚ ਤੀਜੇ ਸਥਾਨ 'ਤੇ ਰਹੀ ਸੀ। ਉਸ ਤੋਂ ਬਾਅਦ ਤੋਂ 11 ਸੈਸ਼ਨਾਂ ਵਿਚ ਭਾਰਤ ਨੇ ਜਾਂ ਤਾਂ ਖ਼ਿਤਾਬ ਜਿੱਤਿਆ ਜਾਂ ਉੱਪ ਜੇਤੂ ਰਿਹਾ। ਪੰਜ ਟੀਮਾਂ ਦੇ ਟੂਰਨਾਮੈਂਟ ਵਿਚ ਸਿਖਰਲੀਆਂ ਚਾਰ ਟੀਮਾਂ 16 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਦੀ ਦੌੜ ਵਿਚ ਰਹਿਣਗੀਆਂ। ਭਾਰਤ ਦੇ ਦੋ ਡਰਾਅ ਤੇ ਇਕ ਜਿੱਤ ਤੋਂ ਬਾਅਦ ਪੰਜ ਅੰਕ ਹਨ ਤੇ ਉਹ ਤੀਜੇ ਸਥਾਨ 'ਤੇ ਹੈ। ਮਾਲਦੀਵ (ਤਿੰਨ ਮੈਚਾਂ 'ਚ ਛੇ ਅੰਕ) ਤੇ ਨੇਪਾਲ (ਤਿੰਨ ਮੈਚਾਂ ਵਿਚ ਛੇ ਅੰਕ) ਉਸ ਤੋਂ ਉੱਪਰ ਹਨ। ਨੇਪਾਲ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ।

ਮਹਿਲਾ ਟੀਮ ਦਾ ਸਾਹਮਣਾ ਹੋਵੇਗਾ ਚੀਨੀ ਤਾਈਪੇ ਨਾਲ

ਮਨਾਮਾ (ਪੀਟੀਆਈ) : ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਬੁੱਧਵਾਰ ਨੂੰ ਇੱਥੇ ਅੰਤਰਰਾਸ਼ਟਰੀ ਦੋਸਤਾਨਾ ਮੈਚ ਵਿਚ ਖ਼ੁਦ ਤੋਂ ਬਿਹਤਰ ਰੈਂਕਿੰਗ ਵਾਲੀ ਚੀਨੀ ਤਾਇਪੇ ਦੀ ਟੀਮ ਦਾ ਸਾਹਮਣਾ ਕਰਨਾ ਹੈ। ਜੋ ਪਿਛਲੇ ਦਿਨਾਂ ਵਿਚ ਉਸ ਦੀ ਸਭ ਤੋਂ ਮੁਸ਼ਕਲ ਵਿਰੋਧੀ ਹੋਵੇਗੀ। ਭਾਰਤੀ ਟੀਮ ਨੇ ਐਤਵਾਰ ਨੂੰ ਆਪਣੇ ਪਿਛਲੇ ਮੁਕਾਬਲੇ ਵਿਚ ਦਬਦਬਾ ਕਾਇਮ ਕਰਦੇ ਹੋਏ ਬਹਿਰੀਨ ਨੂੰ 5-0 ਨਾਲ ਹਰਾਇਆ ਤੇ ਵਿਸ਼ਵ ਰੈਂਕਿੰਗ ਵਿਚ 40ਵੇਂ ਸਥਾਨ 'ਤੇ ਕਾਬਜ ਚੀਨੀ ਤਾਇਪੇ ਖ਼ਿਲਾਫ਼ ਹੋਣ ਵਾਲੇ ਮੈਚ ਲਈ ਉਸ ਦਾ ਆਤਮਵਿਸ਼ਵਾਸ ਵਧਿਆ ਹੋਵੇਗਾ।