ਚੇਨਈ (ਪੀਟੀਆਈ) : ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਇੰਡੋਨੇਸ਼ੀਆ ਨੂੰ 6-2 ਨਾਲ ਹਰਾ ਕੇ ਏਸ਼ਿਆਈ ਨੇਸ਼ਨਜ਼ (ਖੇਤਰੀ) ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ, ਪਰ ਮਰਦ ਟੀਮ ਨੂੰ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ ਹਾਰਨ ਕਾਰਨ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ।

ਭਾਰਤ ਨੇ ਅਗਸਤ ਵਿਚ ਫਿਡੇ ਆਨਲਾਈਨ ਓਲੰਪਿਆਡ ਜਿੱਤਿਆ ਸੀ ਤੇ ਚੋਟੀ ਦੇ ਖਿਡਾਰੀਆਂ ਕੋਨੇਰੂ ਹੰਪੀ ਤੇ ਡੀ ਹਰਿਕਾ ਦੀ ਗ਼ੈਰਮੌਜੂਦਗੀ ਵਿਚ ਵੀ ਮਹਿਲਾ ਟੀਮ ਦੀ ਉਪਲੱਬਧੀ ਨਾਲ ਦੇਸ਼ ਵਿਚ ਇਸ ਖੇਡ ਨੂੰ ਉਤਸ਼ਾਹ ਮਿਲੇਗਾ। ਮਰਦ ਟੀਮ ਨੂੰ ਹਾਲਾਂਕਿ ਬਹੁਤ ਫ਼ਸਵੇਂ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ 3.5-4.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਪਹਿਲਾ ਮੈਚ 1.5-2.5 ਨਾਲ ਹਾਰ ਗਈ ਸੀ ਜਦਕਿ ਦੂਜਾ ਮੈਚ 2-2 ਨਾਲ ਬਰਾਬਰ ਰਿਹਾ।

ਮਹਿਲਾ ਵਰਗ ਦੇ ਫਾਈਨਲ ਵਿਚ ਮਹਿਲਾ ਗਰੈਂਡ ਮਾਸਟਰ ਪੀਵੀ ਨੰਦਿਤਾ ਨੇ ਚੇਲਸੀ ਮੋਨਿਕਾ ਇਗਨੇਸਿਆਸ ਸਹੇਤੀ ਨੂੰ ਹਰਾ ਕੇ ਭਾਰਤ ਨੂੰ ਪਹਿਲਾ ਅੰਕ ਦਿਵਾਇਆ। ਇਸ ਤੋਂ ਬਾਅਦ ਪੂਨਮ ਰਾਉਤ ਨੇ ਮੇਡੀਨਾ ਵਰਦਾ ਆਈਲੀਆ ਨੂੰ ਹਰਾਇਆ। ਆਰ ਵੈਸ਼ਾਲੀ ਤੇ ਕਪਤਾਨ ਮੈਰੀ ਐੱਨ ਗੋਮਜ਼ ਨੇ ਆਪਣੀਆਂ ਬਾਜ਼ੀਆਂ ਡਰਾਅ ਖੇਡੀਆਂ।

ਇਸ ਤਰ੍ਹਾਂ ਭਾਰਤ ਨੇ ਪਹਿਲਾ ਮੈਚ 3-1 ਨਾਲ ਜਿੱਤਿਆ। ਦੂਜੇ ਮੈਚ ਵਿਚ ਵੈਸ਼ਾਲੀ ਨੂੰ ਸਿਖ਼ਰਲੇ ਬੋਰਡ 'ਤੇ ਇਰੀਨ ਕਰਿਸ਼ਮਾ ਸੁਕੰਦਰ ਹੱਥੋਂ ਹਾਰ ਸਹਿਣੀ ਪਈ ਪਰ ਭਗਤੀ ਕੁਲਕਰਨੀ, ਪਦਮਿਨੀ ਰਾਉਤ ਤੇ ਨੰਦਿਤਾ ਨੇ ਆਪਣੀਆਂ ਬਾਜ਼ੀਆਂ ਜਿੱਤੀਆਂ। ਭਾਰਤੀ ਮਹਿਲਾ ਟੀਮ ਮੁੱਢਲੇ ਗੇੜ ਵਿਚ ਵੀ ਚੋਟੀ 'ਤੇ ਰਹੀ ਸੀ। ਵੈਸ਼ਾਲੀ ਨੇ ਨੌਂ ਬਾਜ਼ੀਆਂ ਵਿਚ 6.5 ਅੰਕ ਲੈ ਕੇ ਸਿਖ਼ਰਲੇ ਬੋਰਡ ਦਾ ਗੋਲਡ ਮੈਡਲ ਜਿੱਤਿਆ।

ਅਧੀਬਾਨ ਤੇ ਸੇਤੁਰਮਨ ਦੀ ਹਾਰ ਪਈ ਮਹਿੰਗੀ

ਮਰਦ ਵਰਗ ਦੇ ਫਾਈਨਲ ਦੇ ਪਹਿਲੇ ਮੈਚ ਵਿਚ ਬੀ ਅਧੀਬਾਨ ਤੇ ਐੱਸਪੀ ਸੇਤੁਰਮਨ ਦੀ ਏਂਟਨ ਸਮਿਰਨੋਵ ਤੇ ਮੈਕਸ ਇਲਿੰਗਵਰਥ ਹੱਥੋਂ ਹਾਰ ਭਾਰਤ ਨੂੰ ਮਹਿੰਗੀ ਪਈ। ਦੂਜੇ ਮੈਚ ਵਿਚ ਸੇਤੁਰਮਨ ਦੀ ਥਾਂ ਸੂਰਿਆ ਸ਼ੇਖਰ ਗਾਂਗੁਲੀ ਖੇਡੇ ਤੇ ਉਹ ਇਲਿੰਗਵਰਥ ਨੂੰ ਹਰਾਉਣ ਵਿਚ ਕਾਮਯਾਬ ਰਹੇ ਪਰ ਕੁਆਬੋਕਾਰੋਵ ਨੇ ਸਰੀਨ ਨੂੰ ਹਰਾ ਕੇ ਹਿਸਾਬ ਬਰਾਬਰ ਕਰ ਦਿੱਤਾ। ਅਧੀਬਾਨ ਤੇ ਸ਼ਸ਼ੀਕਰਨ ਨੇ ਆਪਣੀਆਂ ਬਾਜ਼ੀਆਂ ਡਰਾਅ ਖੇਡੀਆਂ।