ਚੇਨਈ (ਪੀਟੀਆਈ) : ਚੋਟੀ ਦਾ ਦਰਜਾ ਹਾਸਲ ਭਾਰਤੀ ਮਹਿਲਾ ਟੀਮ ਨੇ ਸ਼ੁੱਕਰਵਾਰ ਨੂੰ ਏਸ਼ੀਅਨ ਨੇਸ਼ਨਜ਼ (ਖੇਤਰੀ) ਆਨਲਾਈਨ ਸ਼ਤਰੰਜ ਕੱਪ 2020 ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਜਦਕਿ ਮਰਦ ਟੀਮ ਨੇ ਮੰਗੋਲੀਆ 'ਤੇ ਸੰਘਰਸ਼ਪੂਰਨ ਜਿੱਤ ਨਾਲ ਆਖ਼ਰੀ ਚਾਰ ਵਿਚ ਥਾਂ ਬਣਾਈ।

ਭਾਰਤੀ ਮਹਿਲਾ ਟੀਮ ਨੇ ਆਖ਼ਰੀ ਅੱਠ ਦੇ ਗੇੜ ਵਿਚ ਕਿਰਗੀਸਤਾਨ ਨੂੰ ਦੋਵਾਂ ਮੁਕਾਬਲਿਆਂ ਵਿਚ ਆਸਾਨੀ ਨਾਲ 4-0 ਤੇ 3.5-0.5 ਨਾਲ ਹਰਾਇਆ। ਸੈਮੀਫਾਈਨਲ ਸ਼ਨਿਚਰਵਾਰ ਨੂੰ ਖੇਡਿਆ ਜਾਵੇਗਾ ਜਿਸ ਵਿਚ ਭਾਰਤੀ ਔਰਤਾਂ ਮੰਗੋਲੀਆ ਦਾ ਸਾਹਮਣਾ ਕਰਨਗੀਆਂ। ਦੂਜੇ ਪਾਸੇ ਭਾਰਤੀ ਮਰਦ ਟੀਮ ਨੂੰ ਮੰਗੋਲੀਆ ਤੋਂ ਸਖ਼ਤ ਚੁਣੌਤੀ ਮਿਲੀ।

ਉਸ ਨੇ ਆਪਣੇ ਦੋਵੇਂ ਮੁਕਾਬਲੇ 2.5-1.5 ਦੇ ਬਰਾਬਰ ਫ਼ਰਕ ਨਾਲ ਜਿੱਤੇ। ਮਰਦ ਟੀਮ ਸ਼ਨਿਚਰਵਾਰ ਨੂੰ ਸੈਮੀਫਾਈਨਲ ਵਿਚ ਇਰਾਨ ਨਾਲ ਭਿੜੇਗੀ। ਨੌਜਵਾਨ ਮਹਿਲਾ ਗਰੈਂਡਮਾਸਟਰ ਆਰ ਵੈਸ਼ਾਲੀ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਤੇ ਆਪਣੇ ਦੋਵੇਂ ਮੈਚ ਜਿੱਤੇ। ਉਨ੍ਹਾਂ ਨੇ ਅਲੈਗਜ਼ੈਂਡਰਾ ਸਮਾਗਨੋਵਾ ਨੂੰ ਹਰਾਇਆ।

ਪਦਮਿਨੀ ਰਾਉਤ ਤੇ ਪੀਵੀ ਨੰਦਿਤਾ ਨੇ ਵੀ ਆਪਣੇ ਦੋਵਾਂ ਮੈਚਾਂ ਵਿਚ ਜਿੱਤ ਹਾਸਲ ਕੀਤੀ। ਭਗਤੀ ਕੁਲਕਰਨੀ ਨੇ ਦੂਜੇ ਮੈਚ ਵਿਚ ਬੇਗੀਮਾਈ ਜੈਰਬੇਕ ਖ਼ਿਲਾਫ਼ ਸਿਰਫ਼ ਅੱਧਾ ਅੰਕ ਗੁਆਇਆ। ਵੈਸ਼ਾਲੀ ਨੇ ਪਹਿਲੇ ਰਾਊਂਡ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਸਿਖ਼ਰਲੇ ਬੋਰਡ 'ਤੇ 6.5 ਅੰਕਾਂ ਨਾਲ ਗੋਲਡ ਮੈਡਲ ਹਾਸਲ ਕੀਤਾ। ਕਪਤਾਨ ਮੈਰੀ ਐੱਨ ਗੋਮਜ਼ ਨੇ ਪੰਜਵੇਂ ਬੋਰਡ 'ਤੇ ਪੰਜ ਜਿੱਤਾਂ ਨਾਲ ਗੋਲਡ ਮੈਡਲ ਜਿੱਤਿਆ। ਪਦਮਿਨੀ ਰਾਉਤ ਨੂੰ ਤੀਜੇ ਬੋਰਡ 'ਤੇ ਨੌਂ ਮੈਚਾਂ ਵਿਚ 7.5 ਅੰਕਾਂ ਨਾਲ ਸਿਲਵਰ ਮੈਡਲ ਮਿਲਿਆ ਸੀ।

ਸ਼ਸ਼ੀਕਰਨ ਨੇ ਹਾਸਲ ਕੀਤਾ ਸਿਲਵਰ ਮੈਡਲ

ਮਰਦਾਂ ਵਿਚ ਸ਼ਸ਼ੀਕਰਨ ਨੇ ਨੌਂ ਵਿਚੋਂ ਅੱਠ ਅੰਕ ਲੈ ਕੇ ਦੂਜੇ ਬੋਰਡ ਵਿਚ ਸਿਲਵਰ ਮੈਡਲ ਹਾਸਲ ਕੀਤਾ। ਮਰਦਾਂ ਦੇ ਸੈਮੀਫਾਈਨਲ ਵਿਚ ਨਿਹਾਲ ਸਰੀਨ ਸਖ਼ਤ ਚੁਣੌਤੀ ਪੇਸ਼ ਕਰਨ ਤੋਂ ਬਾਅਦ ਗੈਂਜੋਰਿਗ ਅਮਰਤੁਵਸ਼ਿਨ ਹੱਥੋਂ ਹਾਰ ਗਏ ਜਦਕਿ ਐੱਸਪੀ ਸੇਤੁਰਮਨ ਤੇ ਸ਼ਸ਼ੀਕਿਰਨ ਨੇ ਜਿੱਤ ਦਰਜ ਕੀਤੀ।

ਸੂਰਜ ਸ਼ੇਖਰ ਗਾਂਗੁਲੀ ਨੇ ਡਰਾਅ ਖੇਡਿਆ। ਦੂਜੇ ਮੈਚ ਵਿਚ ਬੀ ਅਧਿਬਾਨ ਤੇ ਸਰੀਨ ਨੇ ਆਪਣੀਆਂ ਬਾਜ਼ੀਆਂ ਜਿੱਤੀਆਂ। ਸ਼ਸ਼ੀਕਿਰਨ ਨੇ ਬਾਜ਼ੀ ਡਰਾਅ ਖੇਡੀ ਜਦਕਿ ਗਾਂਗੁਲੀ ਨੂੰ ਹਾਰ ਸਹਿਣੀ ਪਈ। ਟੂਰਨਾਮੈਂਟ ਦਾ ਫਾਈਨਲ 25 ਅਕਤੂਬਰ ਨੂੰ ਖੇਡਿਆ ਜਾਵੇਗਾ।