ਟੋਕੀਓ (ਏਪੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਇਕ ਸੀਨੀਅਰ ਮੈਂਬਰ ਨੇ ਕਿਹਾ ਹੈ ਕਿ ਜਾਪਾਨ ਤੇ ਹੋਰ ਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਦੇ ਵਧਣ ਕਾਰਨ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਛੇ ਮਹੀਨੇ ਬਾਅਦ ਟੋਕੀਓ ਓਲੰਪਿਕ ਖੇਡਾਂ ਕਰਵਾਈਆਂ ਜਾ ਸਕਣਗੀਆਂ। ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਵੀਰਵਾਰ ਨੂੰ ਟੋਕੀਓ ਅਤੇ ਆਲੇ ਦੁਆਲੇ ਦੇ ਖੇਤਰਾਂ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕੈਨੇਡਾ ਦੇ ਆਈਓਸੀ ਮੈਂਬਰ ਰਿਚਰਡ ਪਾਊਂਡ ਨੇ ਇਹ ਟਿੱਪਣੀ ਕੀਤੀ। ਪਾਊਂਡ ਨੇ ਟੋਕੀਓ ਖੇਡਾਂ ਦੇ ਭਵਿੱਖ ਬਾਰੇ ਕਿਹਾ ਕਿ ਮੈਂ ਪੂਰੇ ਯਕੀਨ ਨਾਲ ਨਹੀਂ ਕਹਿ ਸਕਦਾ ਕਿਉਂਕਿ ਵਾਇਰਸ ਹੁਣ ਵੀ ਫੈਲ ਰਿਹਾ ਹੈ। ਜਾਪਾਨ ਵਿਚ ਐਮਰਜੈਂਸੀ ਦਾ ਹੁਕਮ ਫਰਵਰੀ ਦੇ ਪਹਿਲੇ ਹਫ਼ਤੇ ਤਕ ਰਹੇਗਾ। ਟੋਕੀਓ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 2447 ਨਵੇਂ ਮਾਮਲੇ ਸਾਹਮਣੇ ਆਏ ਜੋ ਪਹਿਲੇ ਦਿਨ ਦੇ ਮੁਕਾਬਲੇ ਦੁੱਗਣੇ ਹਨ। ਟੋਕੀਓ ਲਈ ਇਹ ਮਹੱਤਵਪੂਰਨ ਸਮਾਂ ਹੈ। ਪ੍ਰਬੰਧਕ ਕਹਿ ਰਹੇ ਹਨ ਕਿ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ ਪਰ ਉਹ ਆਪਣੀ ਮਜ਼ਬੂਤ ਯੋਜਨਾ ਦਾ ਖ਼ੁਲਾਸਾ ਨਹੀਂ ਕਰ ਰਹੇ ਹਨ।

ਦਵਾਈ ਲਈ ਖਿਡਾਰੀਆਂ ਨੂੰ ਦਿੱਤੀ ਜਾਵੇ ਤਰਜੀਹ :

ਪਾਊਂਡ ਨੇ ਇਸ ਨਾਲ ਕਿਹਾ ਕਿ ਵੈਕਸੀਨੇਸ਼ਨ ਵਿਚ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਰੋਲ ਮਾਡਲ ਹਨ। ਇਹ ਆਈਓਸੀ ਪ੍ਰਧਾਨ ਥਾਮਸ ਬਾਕ ਦੇ ਬਿਆਨ ਤੋਂ ਉਲਟ ਲਗਦਾ ਹੈ। ਬਾਕ ਨੇ ਨਵੰਬਰ ਵਿਚ ਕਿਹਾ ਸੀ ਕਿ ਖਿਡਾਰੀਆਂ ਨੂੰ ਟੀਕੇ ਦੀ ਲੋੜ ਨਹੀਂ ਪਵੇਗੀ ਤੇ ਉਨ੍ਹਾਂ ਨੂੰ ਤਰਜੀਹ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ।