ਮਹਿਲਾ ਮਹਿਲਾ ਫੀਫਾ ਵਰਲਡ ਕੱਪ 28 ਸਾਲ ਪਹਿਲਾਂ 1991 ਵਿਚ ਚੀਨ 'ਚ ਖੇਡਿਆ ਗਿਆ ਸੀ। ਇਸ ਸਾਲ ਮਹਿਲਾ ਆਲਮੀ ਕੱਪ ਦਾ 8ਵਾਂ ਆਡੀਸ਼ਨ ਫਰਾਂਸ ਵਿਚ 7 ਜੂਨ ਤੋਂ 7 ਜੁਲਾਈ ਤਕ ਖੇਡਿਆ ਜਾਵੇਗਾ। ਵਿਸ਼ਵ ਫੁੱਟਬਾਲ ਦੀ ਜਥੇਬੰਦੀ ਫੀਫਾ ਵੱਲੋਂ ਹੀ ਮਹਿਲਾ ਫੁੱਟਬਾਲ ਕੱਪ ਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ।

ਆਲਮੀ ਫੈਡਰੇਸ਼ਨਾਂ ਤੇ ਟੀਮਾਂ

ਕੌਮਾਂਤਰੀ ਫੁੱਟਬਾਲ ਐਸੋਸੀਏਸ਼ਨ ਦੇ ਨਿਯਮਾਂ ਅਨੁਸਾਰ ਵੱਖ-ਵੱਖ ਖਿੱਤਿਆਂ ਤੇ ਫੁੱਟਬਾਲ ਫੈਡਰੇਸ਼ਨਾਂ, ਜਿਨ੍ਹਾਂ 'ਚ ਯੂਨੀਅਨ ਆਫ ਯੂਰਪੀਅਨ ਫੁੱਟਬਾਲ ਐਸੋਸੀਏਸ਼ਨ (ਯੂਈਐੱਫਏ) ਦੀਆਂ 9, ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ (ਏਐੱਫਸੀ) ਦੀਆਂ 5, ਕਨਫੈਡਰੇਸ਼ਨ ਆਫ ਅਫਰੀਕਨ ਫੁੱਟਬਾਲ (ਸੀਏਐੱਫ) ਦੀਆਂ 3, ਸਾਊਥ ਅਮਰੀਕਨ ਫੁੱਟਬਾਲ ਕਨਫੈਡਰੇਸ਼ਨ (ਐੱਸਏਐੱਫਸੀ) ਦੀਆਂ 3, ਕਨਫੈਡਰੇਸ਼ਨ ਆਫ ਨਾਰਥ-ਸੈਂਟਰਲ ਅਮਰੀਕਨ ਐਂਡ ਕੈਰੇਬੀਅਨ ਐਸੋਸੀਏਸ਼ਨ ਆਫ ਫੁੱਟਬਾਲ (ਸੀਓਐੱਨਸੀਏਸੀਏਐੱਫ) ਦੀਆਂ 3 ਤੇ ਓਸੀਨੀਆ ਫੁੱਟਬਾਲ ਕਨਫੈਡਰੇਸ਼ਨ (ਓਐੱਫਸੀ) ਦੀ ਇਕ ਟੀਮ ਨੂੰ ਮਹਿਲਾ ਵਿਸ਼ਵ ਫੁੱਟਬਾਲ ਕੱਪ ਖੇਡਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।

ਦੁਨੀਆ ਦੀਆਂ 24 ਮਹਿਲਾ ਫੁੱਟਬਾਲ ਟੀਮਾਂ 'ਚ ਯੂਈਐੱਫਏ ਵਲੋਂ ਮੇਜ਼ਬਾਨ ਫਰਾਂਸ, ਇੰਗਲੈਂਡ, ਇਟਲੀ, ਜਰਮਨੀ, ਨੀਦਰਲੈਂਡਜ਼, ਸਕਾਟਲੈਂਡ, ਸਪੇਨ, ਨਾਰਵੇ ਤੇ ਸਵੀਡਨ, ਏਅੱਫਸੀ ਵੱਲੋਂ ਆਸਟ੍ਰੇਲੀਆ, ਮੌਜੂਦਾ ਉਪ-ਜੇਤੂ ਜਪਾਨ, ਚੀਨ, ਦੱਖਣੀ ਕੋਰੀਆ ਤੇ ਥਾਈਲੈਂਡ, ਸੀਏਐੱਫ ਵਲੋਂ ਕੈਮਰੂਨ, ਨਾਈਜ਼ੀਰੀਆ ਤੇ ਦੱਖਣੀ ਅਫਰੀਕਾ, ਸੀਓਐੱਨਸੀਏਸੀਏਐੱਫ ਵੱਲੋਂ ਕੈਨੇਡਾ, ਜਮਾਇਕਾ ਤੇ ਮੌਜੂਦਾ ਵਿਸ਼ਵ ਚੈਂਪੀਅਨ ਯੂਐੱਸਏ, ਐੱਸਏਐੱਫਸੀ ਵੱਲੋਂ ਅਰਜਨਟੀਨਾ ਬ੍ਰਾਜ਼ੀਲ ਤੇ ਚਿੱਲੀ ਦੀਆਂ ਟੀਮਾਂ ਖ਼ਿਤਾਬ ਲਈ ਮੈਦਾਨ 'ਚ ਖ਼ੂਨ-ਪਸੀਨਾ ਇਕ ਕਰਨਗੀਆਂ।

ਛੇ ਗਰੁੱਪ

ਇਨ੍ਹਾਂ 24 ਟੀਮਾਂ ਨੂੰ 6 ਗਰੁੱਪਾਂ 'ਚ ਵੰਡਿਆ ਗਿਆ ਹੈ।

ਪੂਲ-ਏ : ਮੇਜ਼ਬਾਨ ਫਰਾਂਸ, ਦੱਖਣੀ ਕੋਰੀਆ, ਨਾਰਵੇ ਤੇ ਨਾਈਜ਼ੀਰੀਆ।

ਪੂਲ-ਬੀ : ਜਰਮਨੀ, ਚੀਨ, ਸਪੇਨ ਤੇ ਦੱਖਣੀ ਅਫਰੀਕਾ।

ਪੂਲ-ਸੀ : ਆਸਟ੍ਰੇਲੀਆ, ਇਟਲੀ, ਬ੍ਰਾਜ਼ੀਲ ਤੇ ਜਮਾਇਕਾ।

ਪੂਲ-ਡੀ : ਇੰਗਲੈਂਡ, ਸਕਾਟਲੈਂਡ, ਅਰਜਨਟੀਨਾ ਤੇ ਜਾਪਾਨ।

ਪੂਲ-ਈ : ਕੈਨੇਡਾ, ਕੈਮਰੂਨ, ਨਿਊਜ਼ੀਲੈਂਡ ਤੇ ਨੀਦਰਲੈਂਡ।

ਪੂਲ-ਐੱਫ : ਅਮਰੀਕਾ, ਥਾਈਲੈਂਡ, ਚਿੱਲੀ ਤੇ ਸਵੀਡਨ।

ਸੱਤ ਆਲਮੀ ਫੁੱਟਬਾਲ ਕੱਪ

ਏਸ਼ਿਆਈ ਦੇਸ਼ ਚੀਨ ਵਿਖੇ 1991 ਵਿਚ 12 ਟੀਮਾਂ ਦਰਮਿਆਨ ਖੇਡੇ ਗਏ ਪਹਿਲੇ ਮਹਿਲ ਆਲਮੀ ਫੁੱਟਬਾਲ ਕੱਪ 'ਚ ਅਮਰੀਕਾ ਨੇ ਨਾਰਵੇ ਨੂੰ 2-1 ਨਾਲ ਹਰਾ ਕੇ ਪਲੇਠੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ। ਮਹਿਲਾ ਫੁੱਟਬਾਲ ਕੱਪ ਦਾ 7ਵਾਂ ਆਡੀਸ਼ਨ 2015 'ਚ ਕੈਨੇਡਾ ਵਿਚ ਖੇਡਿਆ ਗਿਆ, ਜਿਸ ਦੇ ਖ਼ਿਤਾਬੀ ਮੈਚ 'ਚ ਅਮਰੀਕਾ ਨੇ ਜਾਪਾਨ ਨੂੰ 5-2 ਦੇ ਅੰਤਰ ਨਾਲ ਹਰਾ ਕੇ ਤੀਜੀ ਵਾਰ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਖੱਟਿਆ। ਹੁਣ ਤਕ 5 ਦੇਸ਼ਾਂ ਨੂੰ ਮਹਿਲਾ ਫੀਫਾ ਵਰਲਡ ਕੱਪ ਦੇ ਵੱਕਾਰੀ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ ਹੈ। ਅਮਰੀਕਾ ਤੇ ਚੀਨ ਦੋ-ਦੋ ਵਾਰ ਅਤੇ ਸਵੀਡਨ, ਜਰਮਨੀ ਤੇ ਕੈਨੇਡਾ 'ਚ ਇਕ ਵਾਰ ਆਲਮੀ ਫੁੱਟਬਾਲ ਕੱਪ ਖੇਡਿਆ ਜਾ ਚੁੱਕਾ ਹੈ। ਅਮਰੀਕਾ ਦੀਆਂ ਖਿਡਾਰਨਾਂ ਨੇ ਚੀਨ-1991, ਅਮਰੀਕਾ-1999 ਤੇ ਕੈਨੇਡਾ-2015 ਵਿਚ ਫੀਫਾ ਕੱਪ ਮੁਕਾਬਲੇ ਦੀ ਟਰਾਫੀ 'ਤੇ ਕਬਜ਼ਾ ਕੀਤਾ। ਅਮਰੀਕਾ ਤੋਂ ਬਾਅਦ ਜਰਮਨੀ ਨੇ ਅਮਰੀਕਾ-2003 ਅਤੇ ਚੀਨ-2007 ਦੇ ਆਲਮੀ ਕੱਪਾਂ ਦੀਆਂ ਦੋ ਜਿੱਤਾਂ ਆਪਣੇ ਨਾਂ ਕੀਤੀਆਂ। ਜਪਾਨ ਨੇ ਜਰਮਨੀ-2011 'ਚ ਤੇ ਨਾਰਵੇ ਨੇ ਸਵੀਡਨ-1995 ਦੇ ਆਲਮੀ ਫੁੱਟਬਾਲ ਟੂਰਨਾਮੈਂਟਾਂ 'ਚ ਇਕ-ਇਕ ਵਾਰ ਚੈਂਪੀਅਨ ਬਣਨ ਦਾ ਹੱਕ ਹਾਸਲ ਕੀਤਾ।

ਚੀਨ-1991 : ਪਲੇਠਾ ਮਹਿਲਾ ਫੁੱਟਬਾਲ ਵਿਸ਼ਵ ਕੱਪ ਏਸ਼ਿਆਈ ਦੇਸ਼ ਚੀਨ ਦੇ ਮੈਦਾਨਾਂ 'ਤੇ 12 ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ 'ਚ ਅਮਰੀਕੀ ਖਿਡਾਰਨਾਂ ਨੇ ਨਾਰਵੇ ਦੀ ਟੀਮ ਨੂੰ 2-1 ਗੋਲ ਨਾਲ ਹਰਾ ਕੇ ਪਹਿਲੀ ਮਹਿਲਾ ਵਰਲਡ ਫੁੱਟਬਾਲ ਚੈਂਪੀਅਨ ਬਣਨ ਦਾ ਮਾਣ ਖੱਟਿਆ। ਸਵੀਡਨ ਦੀ ਟੀਮ ਨੇ ਜਰਮਨੀ ਦੀ ਖਿਡਾਰਨਾਂ ਨੂੰ ਇਕਪਾਸੜ ਮੈਚ 'ਚ 4-0 ਨਾਲ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ।

ਸਵੀਡਨ-1995 : ਸਵੀਡਨ ਨੂੰ ਮਹਿਲਾਵਾਂ ਦਾ ਦੂਜਾ ਵਰਲਡ ਫੁੱਟਬਾਲ ਟੂਰਨਾਮੈਂਟ ਕਰਵਾਉਣ ਦਾ ਐਜਾਜ਼ ਹਾਸਲ ਹੋਇਆ। 12 ਦੇਸ਼ਾਂ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਮਹਿਲਾ ਫੀਫਾ ਕੱਪ 'ਚ ਨਾਰਵੇ ਦੀਆਂ ਫੁੱਟਬਾਲਰਾਂ ਨੇ ਜਰਮਨੀ ਦੀ ਟੀਮ ਨੂੰ 2-0 ਗੋਲ ਦੇ ਅੰਤਰ ਨਾਲ ਉਪ-ਜੇਤੂ ਰਹਿਣ ਲਈ ਮਜਬੂਰ ਕਰਦੇ ਹੋਏ ਵਿਸ਼ਵ ਚੈਂਪੀਅਨ ਬਣਨ ਦਾ ਹੱਕ ਹਾਸਲ ਕੀਤਾ। ਅਮਰੀਕਾ ਨੇ ਕੈਨੇਡਾ ਦੀਆਂ ਮਹਿਲਾਵਾਂ ਨੂੰ 2-0 ਗੋਲ ਨਾਲ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ।

ਅਮਰੀਕਾ-1999 : ਤੀਜਾ ਮਹਿਲਾ ਆਲਮੀ ਫੁੱਟਬਾਲ ਕੱਪ ਅਮਰੀਕਾ 'ਚ ਹੋਇਆ ਤੇ ਪਹਿਲੀ ਵਾਰ 16 ਟੀਮਾਂ ਦਰਮਿਆਨ ਖੇਡਿਆ ਗਿਆ। ਅਮਰੀਕੀ ਖਿਡਾਰਨਾਂ ਨੇ ਖ਼ਿਤਾਬੀ ਮੈਚ ਚੀਨ ਨਾਲ ਨਿਯਮਤ ਸਮੇਂ 'ਚ 1-1 ਗੋਲ ਨਾਲ ਡਰਾਅ ਖੇਡਿਆ। ਪੈਨਲਟੀ ਸ਼ੂਟਆਊਟ 'ਚ 5-4 ਗੋਲਾਂ ਨਾਲ ਜਿੱਤ ਅਮਰੀਕਾ ਦੀ ਝੋਲੀ 'ਚ ਪਈ ਜਦਕਿ ਚੀਨ ਨੂੰ ਉਪ ਜੇਤੂ ਬਣਨ ਸਦਕਾ ਸਿਲਵਰ ਕੱਪ ਨਸੀਬ ਹੋਇਆ। ਤੀਜੀ-ਚੌਥੀ ਪੁਜ਼ੀਸ਼ਨ ਲਈ ਖੇਡੇ ਮੈਚ 'ਚ ਬ੍ਰਾਜ਼ੀਲ ਨੇ ਪੈਨਲਟੀ ਸ਼ੂਟਆਊਟ 'ਚ ਨਾਰਵੇ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ।

ਅਮਰੀਕਾ-2003 : ਚੌਥਾ ਆਲਮੀ ਫੁੱਟਬਾਲ ਕੱਪ ਅਮਰੀਕਾ ਦੀ ਮੇਜ਼ਬਾਨੀ 'ਚ ਖੇਡਿਆ ਗਿਆ, ਜਿਸ 'ਚ ਜਰਮਨੀ ਨੇ ਸਵੀਡਨ ਨੂੰ 2-1 ਨਾਲ ਖ਼ਿਤਾਬੀ ਦੌੜ ਤੋਂ ਬਾਹਰ ਕਰਦਿਆਂ ਪਹਿਲੀ ਵਾਰ ਵਿਸ਼ਵ ਫੁੱਟਬਾਲ ਦਾ ਖ਼ਿਤਾਬ ਹਾਸਲ ਕੀਤਾ। ਪੁਜ਼ੀਸ਼ਨਲ ਮੈਚ 'ਚ ਅਮਰੀਕੀ ਖਿਡਾਰਨਾਂ ਨੇ ਕੈਨੇਡਾ ਦੀ 3-1 ਗੋਲ ਅੰਤਰ ਨਾਲ ਪਿੱਠ ਲਾਉਂਦਿਆਂ ਤਾਂਬੇ ਦਾ ਤਗਮਾ ਜਿੱਤਿਆ।

ਚੀਨ-2007 : ਚੀਨ ਦੇ ਮੈਦਾਨਾਂ 'ਤੇ ਦੂਜੀ ਵਾਰ 16 ਟੀਮਾਂ ਦਰਮਿਆਨ ਖੇਡੇ ਗਏ ਮਹਿਲਾ ਆਲਮੀ ਫੁੱਟਬਾਲ ਕੱਪ ਵਿਚ ਜਰਮਨੀ ਨੇ ਬ੍ਰਾਜ਼ੀਲੀ ਟੀਮ ਨੂੰ 2-0 ਨਾਲ ਹਰਾ ਕੇ ਪਹਿਲੀ ਵਾਰ ਆਪਣੀ ਜਿੱਤ ਦਾ ਜਸ਼ਨ ਮਨਾਇਆ। ਤੀਜੇ-ਚੌਥੇ ਸਥਾਨ ਲਈ ਖੇਡੇ ਗਏ ਮੈਚ 'ਚ ਅਮਰੀਕਾ ਨੇ ਨਾਰਵੇ 'ਤੇ 4-1 ਗੋਲਾਂ ਦੀ ਨਰੋਈ ਜਿੱਤ ਨਾਲ ਤਾਂਬੇ ਦਾ ਮੈਡਲ ਚੁੰਮਿਆ।

ਜਰਮਨੀ-2011 : ਜਰਮਨੀ 'ਚ ਆਖ਼ਰੀ ਵਾਰ 16 ਟੀਮਾਂ ਵਿਚਕਾਰ ਖੇਡੇ ਗਏ 6ਵੇਂ ਆਲਮੀ ਫੁੱਟਬਾਲ ਕੱਪ 'ਚ ਜਾਪਾਨ ਦੀਆਂ ਖਿਡਾਰਨਾਂ ਨੇ ਅਮਰੀਕੀ ਟੀਮ ਨਾਲ ਨਿਯਮਿਤ ਸਮੇਂ 'ਚ 2-2 ਗੋਲ ਨਾਲ ਖੇਡਿਆ। ਪੈਨਲਟੀ ਸ਼ੂਟਆਊਟ 'ਚ ਜਾਪਾਨ ਨੇ ਅਮਰੀਕੀ ਟੀਮ ਨੂੰ 3-1 ਗੋਲ ਨਾਲ ਖ਼ਿਤਾਬੀ ਰੇਸ ਤੋਂ ਬਾਹਰ ਕਰਦਿਆਂ ਪਹਿਲੀ ਵਾਰ ਆਲਮੀ ਫੁੱਟਬਾਲ ਚੈਂਪੀਅਨ ਬਣਨ ਦਾ ਆਪਣਾ ਸੁਪਨਾ ਸਾਕਾਰ ਕੀਤਾ। ਸਵੀਡਨ ਨੇ ਫਰਾਂਸ ਨੂੰ ਪੁਜ਼ੀਸ਼ਨਲ ਮੈਚ 'ਚ 2-1 ਗੋਲ ਨਾਲ ਮਾਤ ਦਿੰਦਿਆਂ ਤਾਂਬੇ ਦੇ ਤਗਮੇ ਨਾਲ ਹੱਥ ਮਿਲਾਇਆ।

ਕੈਨੇਡਾ-2015 : 7ਵਾਂ ਮਹਿਲਾ ਫੀਫਾ ਫੁੱਟਬਾਲ ਕੱਪ ਪਹਿਲੀ ਵਾਰ 24 ਟੀਮਾਂ ਦਰਮਿਆਨ ਕੈਨੇਡਾ ਵਿਚ ਖੇਡਿਆ ਗਿਆ ਸੀ, ਜਿਸ ਵਿਚ ਅਮਰੀਕੀ ਮਹਿਲਾ ਫੁੱਟਬਾਲ ਟੀਮ ਨੇ ਜਾਪਾਨ 'ਤੇ 5-2 ਗੋਲਾਂ ਨਾਲ ਜਿੱਤ ਦੀ ਅਲਖ ਜਗਾਉਂਦਿਆਂ ਵਿਰੋਧੀ ਟੀਮ ਨੂੰ ਉਪ-ਜੇਤੂ ਬਣਨ ਲਈ ਮਜਬੂਰ ਕਰ ਦਿੱਤਾ। ਇਸ ਜਿੱਤ ਨਾਲ ਅਮਰੀਕਾ ਨੇ ਚਾਰ ਸਾਲ ਪਹਿਲਾਂ ਜਰਮਨੀ 'ਚ ਜਾਪਾਨ ਕੋਲੋਂ ਹੋਈ ਆਪਣੀ ਹਾਰ ਦਾ ਕਰਜ਼ਾ ਵਾਪਸ ਕਰਦਿਆਂ ਵਿਸ਼ਵ-ਵਿਆਪੀ ਜਿੱਤਾਂ 'ਚ ਆਪਣੀ ਹੈਟਰਿਕ ਵੀ ਪੂਰੀ ਕੀਤੀ। ਇੰਗਲੈਂਡ ਦੀਆਂ ਖਿਡਾਰਨਾਂ ਨੇ ਪੁਜ਼ੀਸ਼ਨਲ ਮੈਚ 'ਚ ਜਰਮਨੀ ਨੂੰ 1-0 ਗੋਲ ਨਾਲ ਹਰਾ ਕੇ ਤਾਂਬੇ ਦਾ

ਤਗਮਾ ਜਿੱਤਿਆ।

ਸਕੋਰ ਕਰਨ 'ਚ ਮੋਹਰੀ 10 ਖਿਡਾਰਨਾਂ

ਫਰਾਂਸ ਵਿਖੇ ਪੰਜਵਾਂ ਆਲਮੀ ਮਹਿਲਾ ਫੁੱਟਬਾਲ ਮੁਕਾਬਲਾ ਖੇਡਣ ਲਈ ਬੜ੍ਹਕਾਂ ਮਾਰ ਰਹੀ ਬ੍ਰਾਜ਼ੀਲ ਦੀ ਖਿਡਾਰਨ ਮਾਰਤਾ ਸਿਲਵਾ 15 ਗੋਲ ਦਾਗਣ ਸਦਕਾ ਫੀਫਾ ਕੱਪ 'ਚ 'ਟਾਪ ਸਕੋਰਰ' ਹੈ। ਮਾਰਤਾ ਸਿਲਵਾ ਤੋਂ ਬਾਅਦ ਜਰਮਨੀ ਦੀ ਤੂਫ਼ਾਨੀ ਸਟ੍ਰਾਈਕਰ ਬ੍ਰਿਗਟ ਪ੍ਰਿੰਜ਼ ਤੇ ਅਮਰੀਕਾ ਦੀ ਤੇਜ਼-ਤਰਾਰ ਫਾਰਵਰਡ ਅਬੇ ਵੈਮਬਾਖ 14-14 ਗੋਲ ਸਕੋਰ ਕਰਨ ਸਦਕਾ ਦੂਜੀ ਟਾਪ ਸਕੋਰਰ ਹਨ। ਜਰਮਨੀ ਦੀ ਹਮਲਾਵਰ ਫੁੱਟਬਾਲਰ ਬ੍ਰਿਗਟ ਪ੍ਰਿੰਜ਼ ਨੇ 5 ਅਤੇ ਅਮਰੀਕਨ ਟੀਮ ਦੀ ਸਟ੍ਰਾਈਕਰ ਰਹਿ ਚੁੱਕੀ ਅਬੇ ਵੈਮਬਾਖ ਨੇ 4 ਵਿਸ਼ਵ ਫੁੱਟਬਾਲ ਮੁਕਾਬਲੇ ਖੇਡੇ ਹਨ। ਅਮਰੀਕੀ ਟੀਮ ਦੀ ਨੁਮਾਇੰਦਗੀ 'ਚ ਤਿੰਨ ਆਲਮੀ ਫੁੱਟਬਾਲ ਖੇਡਣ ਵਾਲੀ ਹਾਫ ਬੈਕ ਮਿਸ਼ੇਲ ਅਕਰਜ਼ 12 ਗੋਲ ਕਰਨ ਸਦਕਾ 'ਥਰਡ ਟਾਪ ਸਕੋਰਰ' ਹੈ। ਚਾਰ-ਚਾਰ ਆਲਮੀ ਫੁੱਟਬਾਲ ਕੱਪ ਖੇਡਣ ਵਾਲੀ ਚਾਈਨਾ ਦੀ ਤੂਫ਼ਾਨੀ ਸਟ੍ਰਾਈਕਰ ਸੰਨ ਵਿਨ ਤੇ ਜਰਮਨੀ ਦੀ ਬੇਟੀਨਾ ਵਾਈਗਮੈਨ ਨੇ ਕ੍ਰਮਵਾਰ 11-11 ਗੋਲ ਆਪਣੇ ਖਾਤੇ 'ਚ ਜਮ੍ਹਾਂ ਕੀਤੇ ਹੋਏ ਹਨ। ਨਾਰਵੇ ਦੀ ਐਨਨ ਕ੍ਰਿਸਟੀਨ ਤੇ ਜਰਮਨੀ ਦੀ ਹੈਡੀ ਮੋਹਰ ਨੇ 2-2 ਆਲਮੀ ਮੁਕਾਬਲਿਆਂ 'ਚ 5 ਦੀ ਔਸਤ ਨਾਲ ਕ੍ਰਮਵਾਰ 10-10 ਗੋਲ ਕਰਨ ਦਾ ਕਾਰਨਾਮਾ ਕੀਤਾ ਹੋਇਆ ਹੈ। ਨਾਰਵੇ ਦੀ ਹੇਜ ਫਰੀਜ਼ ਤੇ ਕੈਨੇਡਾ ਦੀ ਕ੍ਰਿਸਟੀਨ ਸਿੰਕਲੇਅਰ ਨੂੰ 4-4 ਅਤੇ ਨਾਰਵੇ ਦੀ ਲਿੰਡਾ ਮੈਡਲੇਨ ਨੂੰ 3 ਵਿਸ਼ਵ-ਵਿਆਪੀ ਫੁੱਟਬਾਲ ਮੁਕਾਬਲਿਆਂ 'ਚ 9-9 ਗੋਲ ਕਰਨ ਸਦਕਾ ਚੰਗੀਆਂ ਖੇਡ ਸੁਰਖ਼ੀਆਂ ਨਸੀਬ

ਹੋਈਆਂ ਹਨ।

ਫਰਾਂਸ ਦੇ 9 ਸਟੇਡੀਅਮਾਂ 'ਚ ਹੋਣਗੇ ਮੁਕਾਬਲੇ

ਮਹਿਲਾ ਵਿਸ਼ਵ ਫੁੱਟਬਾਲ ਕੱਪ ਦਾ 8ਵਾਂ ਟੂਰਨਾਮੈਂਟ ਫਰਾਂਸ ਦੇ ਵੱਖ-ਵੱਖ ਸ਼ਹਿਰਾਂ ਦੇ 9 ਸਟੇਡੀਅਮਾਂ ਵਿਚ ਪੂਰਾ ਇਕ ਮਹੀਨਾ ਇਕ ਦਿਨ ਪੂਰੀ ਸ਼ਾਨੋ-ਸ਼ੌਕਤ ਨਾਲ ਖੇਡਿਆ ਜਾਵੇਗਾ। ਫਰਾਂਸੀਸੀ ਖੇਡ ਮੰਤਰਾਲੇ ਵੱਲੋਂ 14 ਜੂਨ 2017 'ਚ ਫੀਫਾ ਨੂੰ 11 ਫੁੱਟਬਾਲ ਸਟੇਡੀਅਮਾਂ ਦਾ ਮੁਆਇਨਾ ਕਰਵਾਇਆ ਗਿਆ ਸੀ ਪਰ ਫੀਫਾ ਦੀ ਤਕਨੀਕੀ ਕਮੇਟੀ ਵੱਲੋਂ 9 ਸਟੇਡੀਅਮਾਂ 'ਤੇ ਫੁੱਟਬਾਲ ਮੁਕਾਬਲੇ ਕਰਵਾਏ ਜਾਣ ਨੂੰ ਹਰੀ ਝੰਡੀ ਦਿੱਤੀ ਸੀ। ਫੀਫਾ ਵੱਲੋਂ ਸਟੇਡੀਅਮਾਂ ਸਬੰਧੀ ਮਤਾ ਪਾਸ ਕੀਤੇ ਜਾਣ ਤੋਂ ਬਾਅਦ 8ਵੇਂ ਮਹਿਲਾ ਫੀਫਾ ਕੱਪ ਖੇਡਣ ਵਾਲੀਆਂ ਟੀਮਾਂ ਤੇ ਫੁੱਟਬਾਲ ਨਾਲ ਸਬੰਧਤ ਹੋਰ ਅਮਲੇਫੈਲੇ ਦੀ ਮਹਿਮਾਨ ਨਿਵਾਜ਼ੀ ਲਈ ਫਰਾਂਸ ਦੇ ਕੇਂਦਰੀ ਖੇਡ ਮੰਤਰਾਲੇ ਤੇ ਵਿਭਾਗ ਵਲੋਂ ਜੰਗੀ ਪੱਧਰ 'ਤੇ ਤਿਆਰੀਆਂ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ।

ਪਾਰਕ ਓਲੰਪਿਕ ਲਿਓਨੇਸ ਸਟੇਡੀਅਮ : ਫਰਾਂਸ ਦੇ ਲਿਓਨ ਸ਼ਹਿਰ 'ਚ ਸਥਿਤ ਇਹ ਸਟੇਡੀਅਮ ਪੁਰਸ਼ ਫੀਫਾ ਵਰਲਡ ਕੱਪ-1938 ਦੇ ਮੈਚਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਕੀਤਾ ਗਿਆ ਸੀ। ਪੁਰਸ਼ਾਂ ਦੇ ਤਿੰਨ ਵੱਡੇ ਫੁੱਟਬਾਲ ਟੂਰਨਾਮੈਂਟ ਫੀਫਾ ਵਿਸ਼ਵ ਕੱਪ-1938, ਫੀਫਾ ਫੁੱਟਬਾਲ ਕੱਪ-1998 ਤੇ ਯੂਰੋ ਫੁੱਟਬਾਲ ਕੱਪ-2016 ਦੀ ਮੇਜ਼ਬਾਨੀ ਕਰ ਚੁੱਕੇ ਇਸ ਸਟੇਡੀਅਮ ਦੀ ਬੈਠਣ ਸਮਰਥਾ 59,186 ਹੈ। ਵਿਸ਼ਵ ਫੁੱਟਬਾਲ ਕੱਪ-1998 ਤੋਂ ਪਹਿਲਾਂ ਇਸ ਸਟੇਡੀਅਮ ਦਾ ਪੁਰਾਣਾ ਨਾਂ 'ਸਟੈਡ ਡੇ ਗੇਰਲੈਂਡ' ਤੋਂ ਬਦਲ ਕੇ ਪਾਰਕ ਓਲੰਪਿਕ ਲਿਓਨੇਸ ਕਰ ਦਿੱਤਾ ਗਿਆ ਸੀ। ਇਸ ਸਟੇਡੀਅਮ 'ਚ ਵਿਸ਼ਵ ਕੱਪ ਦੇ ਦੋਵੇਂ ਸੈਮੀਫਾਈਨਲ ਤੇ ਖ਼ਿਤਾਬੀ ਮੈਚ ਖੇਡਿਆ ਜਾਵੇਗਾ।

ਪਾਰਕ ਡੋਸ ਪ੍ਰਿੰਸਿਸ ਸਟੇਡੀਅਮ : ਦੱਖਣ-ਪੱਛਮੀ ਪੈਰਿਸ 'ਚ ਸਥਿਤ ਪਾਰਕ ਡੋਸ ਪ੍ਰਿੰਸਿਸ ਸਟੇਡੀਅਮ ਫਰਾਂਸ ਦਾ ਸਭ ਤੋਂ ਪੁਰਾਣੇ ਪੰਜ ਸਟੇਡੀਅਮਾਂ 'ਚ ਸ਼ੁਮਾਰ ਹੈ। ਮੌਜੂਦਾ ਫੁੱਟਬਾਲ ਕੱਪ ਦਾ ਪਹਿਲਾ ਮੈਚ ਇਸ ਸਟੇਡੀਅਮ ਦੀ

ਟਰਫ 'ਤੇ ਖੇਡਿਆ ਜਾਵੇਗਾ। 1897 'ਚ 125 ਮਿਲੀਅਨ ਯੂਰੋ ਨਾਲ ਤਿਆਰ ਕੀਤੇ ਗਏ ਇਸ ਸਟੇਡੀਅਮ ਨੂੰ 1972 'ਚ ਰੀਬਿਲਟ ਕੀਤਾ ਗਿਆ ਸੀ। ਫੀਫਾ ਵਿਸ਼ਵ ਕੱਪ-2018 ਦੇ 6 ਮੈਚ ਅਤੇ

ਯੂਰੋ ਕੱਪ ਦਾ ਫਾਈਨਲ ਮੈਚ ਇਸੇ ਸਟੇਡੀਅਮ ਵਿਚ ਖੇਡੇ ਗਏ ਸਨ। 47,929 ਦਰਸ਼ਕਾਂ ਦੀ ਸਮਰਥਾ ਵਾਲੇ ਇਸ ਸਟੇਡੀਅਮ ਵਿਚ ਮੌਜੂਦਾ ਫੀਫਾ ਕੱਪ ਦੇ 7 ਗਰੁੱਪ ਮੈਚ ਤੇ ਇਕ ਕੁਆਟਰਫਾਈਨਲ ਖੇਡਿਆ ਜਾਵੇਗਾ।

ਐਲਿਆਂਜ਼ ਰਿਵੇਰਾ ਸਟੇਡੀਅਮ : ਜੁਲਾਈ-2011 ਤੋਂ ਸਤੰਬਰ-2013 ਦੇ ਅਰਸੇ 'ਚ ਤਿਆਰ ਹੋਏ ਫਰਾਂਸ ਦੇ 10ਵੇਂ ਵੱਡੇ ਫੁੱਟਬਾਲ ਸਟੇਡੀਅਮ 'ਚ ਦਰਸ਼ਕਾਂ ਦੇ ਬੈਠਣ ਦੀ ਸਮਰਥਾ 36,178 ਹੈ। ਮੌਜੂਦਾ ਆਲਮੀ ਕੱਪ ਦੇ ਚਾਰ ਗਰੁੱਪ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਇਸ ਸਟੇਡੀਅਮ 'ਤੇ ਕੁੱਲ 250 ਮਿਲੀਅਨ ਯੂਰੋ ਖ਼ਰਚ ਕੀਤੇ ਗਏ। ਇਥੇ ਯੂਰੋ ਫੁੱਟਬਾਲ ਕੱਪ-2016 ਦੇ ਦੋ ਮੈਚ ਖੇਡੇ ਗਏ ਸਨ।

ਸਟੈਡ ਡੀ ਅਲਪੇਸ ਸਟੇਡੀਅਮ : ਫਰਾਂਸ ਦੇ ਗ੍ਰੋਨੋਬਲ ਸ਼ਹਿਰ ਸਥਿਤ ਇਸ ਸਟੇਡੀਅਮ ਦੇ ਨਿਰਮਾਣ 'ਤੇ 88 ਮਿਲੀਅਨ ਯੂਰੋ ਖ਼ਰਚ ਹੋਏ। 20,068 ਦਰਸ਼ਕਾਂ ਦੀ ਸਮਰਥਾ ਵਾਲੇ ਇਸ ਸਟੇਡੀਅਮ 'ਚ ਪੰਜ ਗਰੁੱਪ ਮੈਚ ਖੇਡੇ ਜਾਣਗੇ। 15 ਜਨਵਰੀ 2008 ਨੂੰ ਤਿਆਰ ਹੋਏ ਇਸ ਸਟੇਡੀਅਮ 'ਤੇ ਸਿਕਸ ਨੇਸ਼ਨ ਅੰਡਰ-20 ਫੁੱਟਬਾਲ ਟੂਰਨਾਮੈਂਟ ਖੇਡਿਆ ਜਾ ਚੁੱਕਾ ਹੈ।

ਸਟੈਡ ਡੀ ਮਨਸੋਨ ਸਟੇਡੀਅਮ : ਮੌਂਟਪੈਲਰ ਸਿਟੀ ਸਥਿਤ ਇਹ ਸਟੇਡੀਅਮ 1972 'ਚ ਬਣਿਆ ਪਰ 1994 'ਚ ਇਸ ਸਟੇਡੀਅਮ ਨੂੰ ਫੀਫਾ ਪੁਰਸ਼ ਵਰਲਡ ਕੱਪ-1998 ਦੇ ਮੱਦੇਨਜ਼ਰ ਮੁੜ ਤਿਆਰ ਕੀਤਾ ਗਿਆ। 32,900 ਦਰਸ਼ਕਾਂ ਨੂੰ ਆਪਣੀ ਬੁੱਕਲ 'ਚ ਲੈਣ ਵਾਲੇ ਇਸ ਸਟੇਡੀਅਮ 'ਚ ਪੁਰਸ਼ ਫੀਫਾ ਕੱਪ-1998 ਦੇ 6 ਮੈਚ ਖੇਡੇ ਗਏ ਸਨ। ਮੌਜੂਦਾ ਮੁਕਾਬਲੇ ਦੇ 7 ਪੂਲ ਤੇ 2 ਕੁਆਟਰਫਾਈਨਲ ਇਥੇ ਖੇਡੇ ਜਾਣਗੇ।

ਰੋਜ਼ੋਨ ਪਾਰਕ ਸਟੇਡੀਅਮ : ਫਰਾਂਸ ਦੇ ਰੀਮਜ਼ ਸ਼ਹਿਰ 'ਚ 15 ਸਤੰਬਰ 1912 'ਚ 373 ਮਿਲੀਅਨ ਯੂਰੋ ਨਾਲ ਤਿਆਰ ਹੋਏ ਇਸ ਸਟੇਡੀਅਮ ਦੀ ਬੈਠਣ ਸਮਰਥਾ 29,778 ਹੈ। ਇਸ ਸਟੇਡੀਅਮ 'ਚ ਮੌਜੂਦਾ ਮਹਿਲਾ ਫੀਫਾ ਕੱਪ ਦੇ ਚਾਰ ਗਰੁੱਪ, ਇਕ ਰਾਊਂਡ 16 ਦਾ ਤੇ ਇਕ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।

ਸਟੇਡ ਓਸ਼ੇਨ ਸਟੇਡੀਅਮ : ਹਾਵਰੀ ਸ਼ਹਿਰ 'ਚ ਸਥਿਤ ਇਸ ਸਟੇਡੀਅਮ ਵਿਚ 25,181 ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੈ। ਸਿਓ ਤੇ ਕੇਐਸਐਸ ਆਰਕੀਟੈਕਟ ਵਲੋਂ ਡਿਜ਼ਾਇਨ ਕਰਨ ਤੋਂ ਬਾਅਦ 12 ਜੁਲਾਈ 2010 'ਚ ਉਸਾਰੇ ਗਏ ਇਸ ਸਟੇਡੀਅਮ ਨੂੰ 12 ਜੁਲਾਈ 2012 ਨੂੰ ਫੀਫਾ ਵੱਲੋਂ ਹਰੀ ਝੰਡੀ ਦਿੱਤੀ ਗਈ। ਇਸ ਸਟੇਡੀਅਮ 'ਚ ਮੌਜੂਦਾ ਕੱਪ ਦੇ 3 ਪੂਲ ਮੈਚ ਖੇਡੇ ਜਾਣਗੇ।

ਸਟੈਡ ਡੂ ਹੇਨੋਟ ਸਟੇਡੀਅਮ : 24,936 ਦਰਸ਼ਕਾਂ ਦੀ ਸਮਰਥਾ ਵਾਲੇ ਫਰਾਂਸ ਦੇ ਵੈਲਨਸੀਨਸ ਸਿਟੀ 'ਚ ਸਥਿਤ ਇਸ ਸਟੇਡੀਅਮ ਨੂੰ ਜ਼ਿਆਦਾਤਰ ਵੈਲਨਸੀਨਸ ਫੁੱਟਬਾਲ ਕਲੱਬ ਵੱਲੋਂ ਆਪਣੀ ਸੀਨੀਅਰ ਟੀਮ ਤੋਂ ਇਲਾਵਾ ਅਕੈਡਮੀ ਦੀਆਂ ਜੂਨੀਅਰ ਟੀਮਾਂ ਨੂੰ ਖਿਡਾਉਣ ਲਈ ਵਰਤਿਆ ਜਾਂਦਾ ਹੈ। 26 ਜੁਲਾਈ 2011 ਨੂੰ ਫੁੱਟਬਾਲ ਖੇਡਣ ਲਈ ਤਿਆਰ ਹੋਏ ਇਸ ਸਟੇਡੀਅਮ ਦੇ ਮੈਦਾਨ ਵਿਚ ਫੀਫਾ ਵੱਲੋਂ ਮੌਜੂਦਾ ਮਹਿਲਾ ਫੀਫਾ ਕੱਪ ਦੇ 3 ਪੂਲ ਮੈਚ ਖਿਡਾਉਣ ਦੀ ਹਦਾਇਤ ਕੀਤੀ ਗਈ ਹੈ।

ਸਟੇਡ ਔਗਸਟੇ ਡੀਲੇਯੂਨ ਸਟੇਡੀਅਮ : ਰੀਮਜ਼ ਸਿਟੀ ਦੇ ਇਸ ਫੁੱਟਬਾਲ ਸਟੇਡੀਅਮ ਨੂੰ ਜ਼ਿਆਦਾਤਰ ਘਰੇਲੂ ਫੁੱਟਬਾਲ ਕਲੱਬਾਂ ਦੇ ਮੈਚਾਂ ਕਰਵਾਉਣ ਲਈ ਵਰਤਿਆ ਜਾਂਦਾ ਹੈ। ਮੌਜੂਦਾ ਫੀਫਾ ਕੱਪ ਦੇ 3 ਪੂਲ ਮੈਚ ਖੇਡਣ ਲਈ ਤਿਆਰ-ਬਰ-ਤਿਆਰ ਇਹ ਸਟੇਡੀਅਮ 2 ਜੂਨ 1935 ਨੂੰ ਤਿਆਰ ਹੋਇਆ ਸੀ। ਇਸ 'ਚ ਦਰਸ਼ਕਾਂ ਦੇ ਬੈਠਣ ਦੀ ਸਮਰਥਾ 21,029 ਹੈ। ਤਿੰਨ ਵਾਰ ਰੀਬਿਲਟ ਕੀਤੇ ਜਾ ਚੁੱਕੇ ਇਸ ਸਟੇਡੀਅਮ 'ਤੇ 60 ਮਿਲੀਅਨ ਯੂਰੋ ਖ਼ਰਚਾ ਆਇਆ ਤੇ ਇਸ ਨੂੰ 2008 'ਚ ਅੰਤਮ ਵਾਰ ਪ੍ਰਸਿੱਧ ਆਰਕੀਟੈਕਟ ਮਿਸ਼ੇਲ ਰੇਮੋਨ ਨੇ ਡਿਜ਼ਾਈਨ ਕੀਤਾ ਸੀ।

ਵਿਸ਼ਵ ਫੁੱਟਬਾਲ ਮੁਕਾਬਲਿਆਂ ਦੀਆਂ ਰੁਸਤਮ ਖਿਡਾਰਨਾਂ

ਬ੍ਰਾਜ਼ੀਲੀ ਮਹਿਲਾ ਟੀਮ ਦੀ ਮਿਡਫੀਲਡ 'ਚ ਖੇਡਣ ਵਾਲੀ ਸੈਂਟਰ ਬੈਕ ਖਿਡਾਰਨ ਫੋਰਮਿਗਾ ਮੋਤਾ ਫਰਾਂਸ-2019 ਦੇ ਆਲਮੀ ਕੱਪ 'ਚ ਸ਼ਿਰਕਤ ਕਰ ਕੇ ਲਗਾਤਾਰ ਸੱਤ ਟੂਰਨਾਮੈਂਟ ਖੇਡਣ ਦਾ ਰਿਕਾਰਡ ਆਪਣੇ ਨਾਂ ਕਰੇਗੀ। ਇਸ ਤੋਂ ਪਹਿਲਾਂ ਫੋਰਮਿਗਾ ਮੋਤਾ ਨੂੰ ਸਵੀਡਨ-1995, ਅਮਰੀਕਾ-1999, ਅਮਰੀਕਾ-2003, ਚੀਨ-2007, ਜਰਮਨੀ-2011 ਤੇ ਕੈਨੇਡਾ-2015 'ਚ ਖੇਡੇ ਗਏ ਆਲਮੀ ਮਹਿਲਾ ਫੁੱਟਬਾਲ ਮੁਕਾਬਲਿਆਂ 'ਚ ਬ੍ਰਾਜ਼ੀਲੀ ਫੁੱਟਬਾਲ ਟੀਮ ਦੀ ਪ੍ਰਤੀਨਿਧਤਾ ਕਰਨ ਦਾ ਹੱਕ ਹਾਸਲ ਹੈ। 7 ਟੂਰਨਾਮੈਂਟਾਂ ਦਾ ਰਿਕਾਰਡ ਆਪਣੇ ਨਾਂ ਕਰਨ ਤੋਂ ਪਹਿਲਾਂ ਫੋਰਮਿਗਾ ਮੋਤਾ ਅਤੇ ਜਾਪਾਨ ਦੀ ਸਾਬਕਾ ਕਪਤਾਨ ਸਾਵਾ ਹੋਮਾਰੇ ਨੇ ਫੀਫਾ ਫੁੱਟਬਾਲ ਕੱਪ ਦੇ 6-6 ਮੁਕਾਬਲੇ ਖੇਡਣ ਦਾ ਰਿਕਾਰਡ ਕਾਇਮ ਕੀਤਾ ਹੋਇਆ ਹੈ।

ਜਾਪਾਨ ਦੀ ਅਗਲੀ ਪਾਲ 'ਚ ਖੇਡਣ ਵਾਲੀ ਸਟ੍ਰਾਈਕਰ ਸਾਵਾ ਹੋਮਾਰੇ ਸਵੀਡਨ-1995, ਅਮਰੀਕਾ-1999, ਅਮਰੀਕਾ-2003, ਚੀਨ-2007, ਜਰਮਨੀ-2011 ਤੇ ਕੈਨੇਡਾ-2015 'ਚ ਖੇਡੇ ਗਏ ਆਲਮੀ ਮੁਕਾਬਲਿਆਂ 'ਚ ਬ੍ਰਾਜ਼ੀਲੀ ਟੀਮ ਦੀ ਨੁਮਾਇੰਦਗੀ ਕਰ ਚੁੱਕੀ ਹੈ। ਆਪਣੀ ਕਮਾਨ 'ਚ ਜਾਪਾਨ ਨੂੰ ਜਰਮਨੀ-2011 ਦੇ ਆਲਮੀ ਕੱਪ 'ਚ ਚੈਂਪੀਅਨ ਬਣਾਉਣ ਵਾਲੀ ਸਾਵਾ ਹੋਮਾਰੇ ਨੇ ਕੈਨੇਡਾ-2015 ਦੇ ਆਲਮੀ ਟੂਰਨਾਮੈਂਟਾਂ ਤੋਂ ਸੰਨਿਆਸ ਲੈ ਲਿਆ ਸੀ। ਬ੍ਰਾਜ਼ੀਲ ਦੀ ਖਿਡਾਰਨ ਮੋਤਾ ਫੋਰਮਿਗਾ ਇਸ ਸਾਲ ਆਪਣੇ ਕਰੀਅਰ ਦਾ 7ਵਾਂ ਫੀਫਾ ਫੁੱਟਬਾਲ ਕੱਪ ਖੇਡਣ ਦਾ ਨਵਾਂ ਕੀਰਤੀਮਾਨ ਕਾਇਮ ਕਰੇਗੀ। ਫੋਰਮਿਗਾ ਨੂੰ 7 ਤੇ ਜਾਪਾਨ ਦੀ ਹੋਮਾਰੇ ਸਾਵਾ ਨੂੰ 6 ਆਲਮੀ ਮੁਕਾਬਲੇ ਖੇਡਣ ਤੋਂ ਬਾਅਦ ਜਰਮਨੀ ਦੀ ਬ੍ਰਿਗਟ ਪ੍ਰਿੰਜ, ਅਮਰੀਕਾ ਦੀ ਕ੍ਰਿਸਟਾਈਨ ਲਿਲੀ, ਨਾਰਵੇ ਦੀ ਰਾਖਣ ਬੈਂਟ ਨੋਰਡਬੀ, ਅਮਰੀਕਾ ਦੀ ਕ੍ਰਿਸਟੀ ਰੈਮਪੋਨ, ਕੈਨੇਡਾ ਦੀ ਕਾਰਿਨ ਲੇਬਲੰਕ, ਜਰਮਨ ਦੀ ਨਡਿਨ ਅਗੇਰਰ ਨੇ ਕ੍ਰਮਵਾਰ 5-5 ਆਲਮੀ ਫੁੱਟਬਾਲ ਕੱਪ ਖੇਡਣ ਦਾ ਕ੍ਰਿਸ਼ਮਾ ਕੀਤਾ ਹੋਇਆ ਹੈ।

- ਹਰਨੂਰ ਸਿੰਘ ਮਨੌਲੀ

94171-82993

Posted By: Harjinder Sodhi