* ਫੁੱਟਬਾਲ ਡਾਇਰੀ

ਬਾਰਸੀਲੋਨਾ (ਏਜੰਸੀ) : ਆਪਣੇ ਘਰ 'ਚ ਖੇਡੇ ਗਏ ਮੈਚ 'ਚ ਜਿੱਤ ਹਾਸਿਲ ਕਰਦੇ ਹੋਏ ਬਾਰਸੀਲੋਨਾ ਨੇ ਕੋਪਾ ਡੇਲ ਰੇ ਕੱਪ ਦੇ ਪ੍ਰੀ-ਕੁਆਰਟਰ ਫਾਈਨਲ 'ਚ ਐਂਟਰੀ ਕਰ ਲਈ ਹੈ। ਕੈਂਪ ਨਾਊ ਸਟੇਡੀਅਮ 'ਚ ਬਾਰਸੀਲੋਨਾ ਨੇ ਲੇਓਨੇਸਾ ਕਲੱਬ ਨੂੰ 4-1 ਨਾਲ ਹਰਾਇਆ। ਅਜਿਹੇ 'ਚ ਅੰਤਿਮ-32 ਦੌਰ ਦੇ ਦੋਵੇਂ ਪੜਾਅ ਦੇ ਅੌਸਤਨ ਨਤੀਜੇ ਦੇ ਅਧਾਰ 'ਤੇ ਬਾਰਸੀਲੋਨਾ ਨੇ 5-1 ਨਾਲ ਜਿੱਤ ਹਾਸਿਲ ਕਰਕੇ ਆਖ਼ਰੀ-16 ਦੌਰ 'ਚ ਐਂਟਰੀ ਕੀਤੀ ਹੈ। ਪਹਿਲੇ ਪੜਾਅ ਦੇ ਮੈਚ 'ਚ ਬਾਰਸੀਲੋਨਾ ਨੇ 1-0 ਨਾਲ ਜਿੱਤ ਹਾਸਲ ਕੀਤੀ ਸੀ।

ਬਾਰਸੀਲੋਨਾ ਨੇ ਅੰਤਿਮ-16 ਦੇ ਦੂਜੇ ਪੜਾਅ ਦੇ ਮੈਚ 'ਚ ਮੁਨੀਰ ਅਲ ਹਦਾਦੀ ਵੱਲੋਂ 18ਵੇਂ ਮਿੰਟ 'ਚ ਕੀਤੇ ਗਏ ਗੋਲ ਦੇ ਦਮ 'ਤੇ ਖਾਤਾ ਖੋਲਿ੍ਹਆ। ਡੇਨਿਸ ਸੁਆਰੇਜ ਨੇ 26ਵੇਂ ਮਿੰਟ 'ਚ ਅਤੇ ਮਾਲਕੋਮ ਨੇ 43ਵੇਂ ਮਿੰਟ 'ਚ ਗੋਲ ਕਰਦੇ ਹੋਏ ਪਹਿਲੇ ਹਾਫ ਦੀ ਸਮਾਪਤੀ ਤਕ ਲੇਓਨੇਸਾ ਖ਼ਿਲਾਫ਼ 3-0 ਨਾਲ ਵਾਧਾ ਬਣਾ ਲਿਆ। ਦੂਜੇ ਹਾਫ 'ਚ ਦੋਵੇਂ ਟੀਮਾਂ ਵਿਚਾਲੇ ਕੜੀ ਟੱਕਰ ਵੇਖੀ ਗਈ। 54ਵੇਂ ਮਿੰਟ 'ਚ ਸਾਨੇ ਨੇ ਗੋਲ ਕਰਦੇ ਹੋਏ ਲੇਓਨੇਸਾ ਦਾ ਖਾਤਾ ਖੋਲਿ੍ਹਆ। ਇਸ ਦੇ ਜਵਾਬ 'ਚ ਸੁਆਰੇਜ ਨੇ 70ਵੇਂ ਮਿੰਟ 'ਚ ਗੋਲ ਕਰਦੇ ਹੋਏ ਬਾਰਸੀਲੋਨਾ ਨੂੰ 4-1 ਨਾਲ ਜਿੱਤ ਦਿਵਾਈ ਤੇ ਅੰਤਿਮ-16 ਦੌਰ 'ਚ ਪਹੁੰਚਾ ਦਿੱਤਾ।

ਹੋਰ ਮੁਕਾਬਲਿਆਂ 'ਚ ਏਟਲੈਟਿਕੋ ਮੈਡਰਿਡ ਤੇ ਸੇਵਿਲਾ ਨੇ ਵੀ ਜਿੱਤ ਦਰਜ ਕੀਤੀ। ਏਟਲੇਟਿਕੋ ਮੈਡਰਿਡ ਦੀ ਟੀਮ ਸੇਂਟ ਐਂਡਰਿਊ ਖ਼ਿਲਾਫ਼ ਪਹਿਲੇ ਹਾਫ 'ਚ ਥੋੜ੍ਹਾ ਹੋਲੀ ਖੇਡੀ, ਪਰ ਦੂਜੇ ਹਾਫ 'ਚ ਕੀਤੇ ਗਏ 10 ਮਿੰਟ ਅੰਦਰ ਤਿੰਨ ਗੋਲ ਦੀ ਬਦੌਲਤ ਐਟਲੈਟਿਕੋ ਨੇ ਜਿੱਤ ਦਰਜ ਕੀਤੀ। ਐਟਲੈਟਿਕੋ ਲਈ ਥਾਮਸ ਲੇਮਰ ਨੇ 48ਵੇਂ ਮਿੰਟ 'ਚ ਪਹਿਲਾ ਗੋਲ ਕੀਤਾ। ਇਸ ਮਗਰੋਂ 53ਵੇਂ ਮਿੰਟ 'ਚ ਨਿਕੋਲਾ ਕਾਲੀਨਿਕ ਨੇ ਗੋਲ ਕਰਕੇ ਵਾਧੇ ਨੂੰ 2-0 ਕਰ ਦਿੱਤਾ। 55ਵੇਂ ਮਿੰਟ 'ਚ ਏਂਜੇਲ ਕੋਰੀਆ ਨੇ ਗੋਲ ਕੀਤਾ। ਮੈਚ ਦਾ ਆਖ਼ਰੀ ਗੋਲ ਵਿਟੋਲੋ ਨੇ 81ਵੇਂ ਮਿੰਟ 'ਚ ਕੀਤਾ ਤੇ ਐਟਲੇਟਿਕੋ ਨੂੰ 4-0 ਨਾਲ ਆਸਾਨ ਜਿੱਤ ਦਿਵਾ ਦਿੱਤੀ। ਅੌਸਤਨ ਨਤੀਜੇ ਦੇ ਆਧਾਰ 'ਤੇ ਉਨ੍ਹਾਂ 5-0 ਦੀ ਜਿੱਤ ਦਰਜ ਕਰਕੇ ਅੰਤਿਮ-16 'ਚ ਐਂਟਰੀ ਕੀਤੀ। ਦੂਜੇ ਪਾਸੇ ਸੇਵਿਲਾ ਨੇ ਵੀ ਵਿਲਾਨੋਵੇਂਸ ਨੂੰ 1-0 ਨਾਲ ਹਰਾਇਆ। ਆਂਦਰੇ ਸਿਲਵਾ ਨੇ 49ਵੇਂ ਮਿੰਟ 'ਚ ਇਕਮਾਤਰ ਗੋਲ ਕੀਤਾ। ਦੋਵਾਂ ਵਿਚਾਲੇ ਪਹਿਲੇ ਪੜਾਅ ਦਾ ਮੁਕਾਬਲਾ 0-0 ਨਾਲ ਡਰਾਅ ਰਿਹਾ ਸੀ।

ਇਕ ਹੋਰ ਮੁਕਾਬਲੇ 'ਚ ਵਿਲਾਰੀਅਲ ਨੇ ਅਲਮੇਰੀਆ ਨੂੰ 8-0 ਦੇ ਵੱਡੇ ਫਰਕ ਨਾਲ ਹਰਾਇਆ। ਟੋਕੋ ਏਕਾਂਬੀ ਨੇ ਮੈਚ ਦੇ 23ਵੇਂ, 30ਵੇਂ, 36ਵੇਂ ਤੇ 47ਵੇਂ ਮਿੰਟ 'ਚ ਗੋਲ ਕੀਤੇ। ਉਹ ਵਿਲਾਰੀਅਲ ਲਈ ਇਸ ਸ਼ਤਾਬਦੀ 'ਚ ਇਕ ਮੈਚ 'ਚ ਚਾਰ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ। ਮੈਚ 'ਚ ਹੋਰ ਗੋਲ ਕਾਰਲੋਸ ਬਾਕਾ ਨੇ ਪਹਿਲੇ ਹਾਫ਼ ਦੇ ਵਾਧੂ ਸਮੇਂ 'ਚ ਅਤੇ 83ਵੇਂ ਮਿੰਟ 'ਚ ਪੈਨਾਲਟੀ ਕਾਰਨਰ ਨਾਲ ਕੀਤਾ। ਹੋਰ ਗੋਲ ਜੇਰਾਰਡ ਨੇ 67ਵੇਂ, ਜਦਕਿ ਡੇਨੀਅਲ ਰਬਾਸੇਡਾ ਏਂਨੋਲਿਨ ਨੇ 89ਵੇਂ ਮਿੰਟ 'ਚ ਕੀਤਾ। ਅੌਸਤਨ ਨਤੀਜੇ ਦੇ ਆਧਾਰ 'ਤੇ ਵਿਲਾਰੀਅਲ ਨੇ 11-3 ਨਾਲ ਜਿੱਤ ਹਾਸਲ ਕਰਕੇ ਦੂਜੇ ਦੌਰ 'ਚ ਐਂਟਰੀ ਕੀਤੀ। ਹੋਰ ਮੁਕਾਬਲਿਆਂ 'ਚ ਗਿਰੋਨਾ ਨੇ ਅਲਾਵੇਸ ਨੂੰ 2-1 ਨਾਲ ਹਰਾਇਆ ਤੇ ਕੁੱਲ 4-3 ਦੇ ਅੌਸਤਨ ਫਰਕ ਨਾਲ ਦੂਜੇ ਦੌਰ 'ਚ ਐਂਟਰੀ ਕੀਤੀ। ਇਸ ਤੋਂ ਇਲਾਵਾ ਰੀਅਲ ਸੋਸਿਏਦਾਦ ਨੇ ਸੈਲਟਾ ਵਿਗੋ ਨੂੰ 2-0 ਨਾਲ ਤੇ ਕੁੱਲ ਮਿਲਾ ਕੇ 3-1 ਦੇ ਫਰਕ ਨਾਲ ਜਿੱਤ ਦਰਜ ਕਰਕੇ ਦੂਜੇ ਦੌਰ 'ਚ ਐਂਟਰੀ ਕੀਤੀ।

ਲੀਵਰਪੂਰ ਨੇ ਬਰਨਲੇ ਨੂੰ ਹਰਾਇਆ

ਬਰਨਲੇ (ਏਜੰਸੀ) : ਲੀਵਰਪੂਲ ਫੁੱਟਬਾਲ ਕਲੱਬ ਨੇ ਪ੍ਰੀਮੀਅਰ ਲੀਗ 'ਚ ਖੇਡੇ ਗਏ ਇਕ ਮੈਚ 'ਚ ਬਰਨਲੇ ਕਲੱਬ ਨੂੰ 3-1 ਨਾਲ ਹਰਾਇਆ। ਇਸ ਜਿੱਤ ਨਾਲ ਅੰਕ ਸੂਚੀ 'ਚ ਲੀਵਰਪੂਲ ਦੂਜੇ ਤਾਂ 'ਤੇ ਬਰਕਰਾਰ ਹੈ। ਇਸ ਮੈਚ ਦੇ ਪਹਿਲੇ ਹਾਫ਼ 'ਚ ਦੋਵੇਂ ਟੀਮਾਂ ਵਿਚਾਲੇ ਇਕ ਵੀ ਗੋਲ ਨਹੀਂ ਹੋਇਆ ਸੀ। ਦੂਜੇ ਹਾਫ 'ਚ ਲੀਵਰਪੂਰ ਤੇ ਬਰਨਲੇ ਵਿਚਾਲੇ ਕੜੀ ਟੱਕਰ ਵੇਖਣ ਨੂੰ ਮਿਲੀ। ਜੈਕ ਕਾਰਕ ਨੇ 54ਵੇਂ ਮਿੰਟ 'ਚ ਬਰਨਲੇ ਲਈ ਗੋਲ ਕਰਕੇ ਉਸ ਦਾ ਖਾਤਾ ਖੋਲਿ੍ਹਆ ਤੇ ਉਸ ਨੂੰ 1-0 ਨਾਲ ਵਾਧਾ ਦਿਵਾਇਆ। ਹਾਲਾਂਕਿ, ਟੀਮ ਵੱਲੋਂ ਇਸ ਮੈਚ 'ਚ ਕੀਤਾ ਗਿਆ ਇਹ ਇਕਮਾਤਰ ਗੋਲ ਸੀ। ਲੀਵਰਪੂਰ ਨੇ ਇਸ ਗੋਲ ਦਾ ਜਵਾਬ ਆਪਣੇ ਵੱਲੋਂ ਤਿੰਨ ਗੋਲ ਕਰਕੇ ਦਿੱਤਾ। 62ਵੇਂ ਮਿੰਟ 'ਚ ਜੇਮਸ ਮਿਲਨੇਰ ਨੇ ਗੋਲ ਕਰਕੇ ਲੀਵਰਪੂਲ ਦਾ ਸਕੋਰ 1-1 ਨਾਲ ਬਰਾਬਰ ਕੀਤਾ।

ਇਸ ਦੇ ਛੇ ਮਿੰਟ ਬਾਅਦ ਰਾਬਟਰੇ ਫਿਰਮਿਨੋ ਨੇ ਗੋਲ ਕਰਦੇ ਹੋਏ ਲੀਵਰਪੂਰ ਨੂੰ ਬਰਨਲੀ ਖ਼ਿਲਾਫ਼ 2-1 ਨਾਲ ਵਾਧਾ ਦੇ ਦਿੱਤਾ। ਸ਼ਕੀਰੀ ਨੇ ਵਾਧੂ ਸਮੇਂ 'ਚ ਗੋਲ ਕਰਦੇ ਹੋਏ ਟੀਮ ਨੂੰ 3-1 ਨਾਲ ਜਿੱਤ ਦਿਵਾਈ। ਅਜਿਹੇ 'ਚ ਲੀਵਰਪੂਲ ਹੁਣ ਅੰਕ ਸੂਚੀ 'ਚ ਪੇਪ ਗਾਰਡੀਓਲਾ ਦੀ ਟੀਮ ਮੈਨਚੈਸਟਰ ਸਿਟੀ ਤੋਂ ਦੋ ਅੰਕ ਪਿੱਛੇ ਦੂਜੇ ਥਾਂ 'ਤੇ ਹੈ। ਜੇਕਰ ਉਹ ਬੋਰਨੇਮਾਊਥ ਖ਼ਿਲਾਫ਼ ਆਪਣੇ ਮੈਚ ਨੂੰ ਜਿੱਤਣ 'ਚ ਸਫਲ ਰਹਿੰਦੀ ਹੈ ਤਾਂ ਉਹ ਅੰਕ ਸੂਚੀ 'ਚ ਟਾਪ ਥਾਂ ਹਾਸਲ ਕਰ ਲਵੇਗੀ।

ਯੂਨਾਈਟਿਡ ਨੇ ਆਰਸੇਨਲ ਨੂੰ ਡਰਾਅ 'ਤੇ ਰੋਕਿਆ

ਮੈਨਚੇਸਟਰ (ਏਜੰਸੀ) : ਜੇਸੀ ਲਿੰਗਾਰਡ ਵੱਲੋਂ ਕੀਤੇ ਗਏ ਗੋਲ ਦੇ ਦੇ ਦਮ 'ਤੇ ਮੈਨਚੇਸਟਰ ਯੂਨਾਈਟਿਡ ਨੇ ਇੰਗਲਿਸ਼ ਪ੍ਰੀਮੀਅਰ ਲੀਗ 'ਚ ਖੇਡੇ ਗਏ ਮੈਚ 'ਚ ਆਰਸੇਨਲ ਨੂੰ 2-2 ਨਾਲ ਡਰਾਅ 'ਤੇ ਰੋਕਿਆ। ਸ਼ੋਕਦਰਾਨ ਮੁਸਤਾਫੀ ਨੇ 26ਵੇਂ ਮਿੰਟ 'ਚ ਗੋਲ ਕਰਦੇ ਹੋਏ ਆਰਸੇਨਲ ਦਾ ਖਾਤਾ ਖੋਲਿ੍ਹਆ, ਪਰ 30ਵੇਂ ਮਿੰਟ 'ਚ ਐਂਥੋਨੀ ਮਾਰਸ਼ੀਅਲ ਨੇ ਯੂਨਾਈਟਿਡ ਲਈ ਗੋਲ ਕਰਦੇ ਹੋਏ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ, ਇੱਥੇ ਯੂਨਾਈਟਿਡ ਦੇ ਖਿਡਾਰੀ ਐੱਮ ਰੋਜੋ ਦੀ ਗਲਤੀ ਦਾ ਫਾਇਦਾ ਆਰਸੇਨਲ ਨੂੰ ਹੋਇਆ। ਰੋਜੋ ਦੇ ਆਤਮਘਾਤੀ ਗੋਲ ਕਾਰਨ ਆਰਸੇਨਲ ਨੂੰ ਯੂਨਾਈਟਿਡ 'ਤੇ 2-1 ਦਾ ਵਾਧਾ ਮਿਲ ਗਿਆ। ਇਸ ਗਲਤੀ ਦੀ ਭਰਪਾਈ ਲਿੰਗਾਰਡ ਨੇ ਕੀਤੀ। ਉਨ੍ਹਾਂ 69ਵੇਂ ਮਿੰਟ 'ਚ ਗੋਲ ਕਰਕੇ ਯੂਨਾਈਟਿਡ ਨੂੰ ਆਰਸੇਨਲ ਖ਼ਿਲਾਫ਼ ਹਾਰ ਤੋਂ ਬਚਾਅ ਲਿਆ ਤੇ ਇਸ ਮੈਚ ਨੂੰ ਡਰਾਅ ਕਰ ਦਿੱਤਾ।

ਵੂਲਵਸ ਤੋਂ ਹਾਰਿਆ ਚੇਲਸੀ

ਵੋਲਵਰਹੈਂਪਟਨ (ਏਜੰਸੀ) : ਮੋਰਿਜਿਓ ਸਾਰੀ ਦੇ ਆਪਣੇ ਖਿਡਾਰੀਆਂ ਨੂੰ ਆਤਮਵਿਸ਼ਵਾਸ 'ਚ ਰੱਖਣਾ ਮਹਿੰਗਾ ਪਿਆ। ਚੇਲਸੀ ਨੂੰ ਵੋਲਵਰਹੈਂਪਟਨ (ਵੂਲਵਸ) ਖ਼ਿਲਾਫ਼ 1-2 ਨਾਲ ਮੁਕਾਬਲਾ ਗੁਆਉਣਾ ਪਿਆ। ਵੋਲਵਰਹੈਂਪਟਨ ਦੇ ਮੈਦਾਨ 'ਤੇ ਚੇਲਸੀ ਦੀ ਟੀਮ ਜਿੱਤ ਵੱਲ ਪਹਿਲੇ ਹਾਫ 'ਚ ਹੀ ਵੱਧ ਗਈ ਸੀ, ਜਦੋਂ 18ਵੇਂ ਮਿੰਟ 'ਚ ਹੀ ਰੂਬੇਨ ਲੋਫਟਸ ਚੀਕ ਨੇ ਸ਼ਾਨਦਾਰ ਗੋਲ ਕਰਕੇ ਮੇਜਬਾਨ ਟੀਮ ਨੂੰ 1-0 ਨਾਲ ਪਛਾੜ ਦਿੱਤਾ, ਪਰ ਦੂਜੇ ਹਾਫ 'ਚ ਚਾਰ ਮਿੰਟ ਅੰਦਰ ਦੋ ਗੋਲ ਕਰਕੇ ਵੂਲਵਸ ਨੇ ਸੱਤ ਮੈਚਾਂ 'ਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ। 59ਵੇਂ ਮਿੰਟ 'ਚ ਪਹਿਲੇ ਰਾਊਲ ਜਿਮੇਨੇਜ ਤੇ 63ਵੇਂ ਮਿੰਟ 'ਚ ਡਿਓਗੇ ਜੋਟਾ ਨੇ ਗੋਲ ਕੀਤਾ। ਇਸ ਸੈਸ਼ਨ 'ਚ ਸਾਰੀ ਦੀ ਅਗਵਾਈ 'ਚ ਇਹ ਸਿਰਫ ਚੇਲਸੀ ਦੀ ਦੂਜੀ ਹਾਰ ਹੈ। ਚੇਲਸੀ ਨੂੰ ਹੁਣ ਅਗਲਾ ਮੁਕਾਬਲਾ ਮੈਨਚੇਸਟਰ ਸਿਟੀ ਤੋਂ ਸਟੈਮਫੋਰਡ ਬਿ੍ਰਜ 'ਚ ਸ਼ਨਿਚਰਵਾਰ ਨੂੰ ਖੇਡਣਾ ਹੈ।

ਕਵਾਨੀ ਨੇ ਫਿਰ ਪੀਐੱਸਜੀ ਨੂੰ ਬਚਾਇਆ

ਪੈਰਿਸ (ਏਜੰਸੀ) : ਐਡਿੰਸਨ ਕਵਾਨੀ ਨੇ ਪੈਨਾਲਟੀ 'ਤੇ 71ਵੇਂ ਮਿੰਟ 'ਚ ਗੋਲ ਕਰਕੇ ਲੀਗ-1 'ਚ ਪੈਰਿਸ ਸੈਂਟ ਜਰਮੇਨ (ਪੀਐੱਸਜੀ) ਨੂੰ ਸਟਰਾਸਬਰਗ ਖ਼ਿਲਾਫ਼ ਹਾਰ ਤੋਂ ਬਚਾਅ ਲਿਆ। ਦੋਵਾਂ ਵਿਚਾਲੇ ਮੁਕਾਬਲੇ 1-1 ਨਾਲ ਡਰਾਅ ਰਿਹਾ। ਉਰੁਗਵੇ ਦੇ ਸਟਰਾਈਕਰ ਨੇ ਗੋਲ ਕਰਕੇ ਪੀਐੱਸਜੀ ਦੇ 16 ਮੈਚਾਂ ਦੇ ਜੇਤੂ ਰਿਕਾਰਡ ਨੂੰ ਬਰਕਰਾਰ ਰੱਖਿਆ। ਇਸ ਮੈਚ 'ਚ ਸਟਾਰ ਸਟਰਾਈਕਰ ਨੇਮਾਰ ਨਹੀਂ ਖੇਡ ਰਹੇ ਸਨ। ਸਟਰਾਸਬਰਗ ਵੱਲੋਂ ਇਕਮਾਤਰ ਗੋਲ ਕੇਨੀ ਲਾਲਾ ਨੇ 40ਵੇਂ ਮਿੰਟ 'ਚ ਮਿਲੀ ਪੈਨਾਲਟੀ ਨਾਲ ਕੀਤਾ।