ਰੀਓ ਡੀ ਜਨੇਰੀਓ (ਏਪੀ) : ਬ੍ਰਾਜ਼ੀਲ ਦੀਆਂ ਚੋਟੀ ਦੀਆਂ ਘਰੇਲੂ ਫੁੱਟਬਾਲ ਟੀਮਾਂ ਵਿਚ ਸ਼ਾਮਲ ਫਲੇਮੇਂਗੋ ਦੇ ਲਗਭਗ 7,000 ਪ੍ਰਸ਼ੰਸਕ ਕੋਪਾ ਲਿਬਰਟਾਡੋਰਜ਼ ਦੇ ਪ੍ਰੀ ਕੁਆਰਟਰ ਫਾਈਨਲ ਦੇ ਦੂਜੇ ਗੇੜ ਦੇ ਮੈਚ ਲਈ ਸਟੇਡੀਅਮ ਵਿਚ ਮੌਜੂਦ ਸਨ ਜਿੱਥੇ ਘਰੇਲੂ ਟੀਮ ਨੇ ਅਰਜਨਟੀਨਾ ਦੇ ਡਿਫੈਂਸਾ ਵਾਈ ਜਸਟੀਸੀਆ ਖ਼ਿਲਾਫ਼ 4-1 ਦੀ ਸ਼ਾਨਦਾਰ ਜਿੱਤ ਦਰਜ ਕਰ ਕੇ ਉਨ੍ਹਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ। ਪਿਛਲੇ ਸਾਲ ਮਾਰਚ ਤੋਂ ਬਾਅਦ ਤੋਂ ਬ੍ਰਾਜ਼ੀਲ ਵਿਚ ਸਟੇਡੀਅਮ ਵਿਚ ਦਰਸ਼ਕਾਂ ਦੀ ਮੌਜੂਦਗੀ ਵਿਚ ਖੇਡਿਆ ਗਿਆ ਇਹ ਕਲੱਬ ਪੱਧਰ ਦਾ ਪਹਿਲਾ ਫੁੱਟਬਾਲ ਮੈਚ ਸੀ। ਫਲੇਮੇਂਗੋ ਨੇ ਬੁੱਧਵਾਰ ਨੂੰ ਬ੍ਰਾਜ਼ੀਲੀਆ ਵਿਚ ਕੁੱਲ 5-1 ਦੀ ਬੜ੍ਹਤ ਨਾਲ ਆਖ਼ਰੀ ਅੱਠ ਵਿਚ ਥਾਂ ਪੱਕੀ ਕੀਤੀ। ਸਥਾਨਕ ਗਵਰਨਰ ਇਬੇਨਿਸ ਰੋਚਾ ਨੇ 18,000 ਪ੍ਰਸ਼ੰਸਕਾਂ ਦੇ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ ਪਰ ਟਿਕਟਾਂ ਦੀ ਹੌਲੀ ਵਿਕਰੀ ਤੇ ਕੋਵਿਡ-19 ਪ੍ਰੋਟੋਕੋਲ ਕਾਰਨ ਜ਼ਿਆਦਾ ਪ੍ਰਸ਼ੰਸਕ ਸਟੇਡੀਅਮ ਨਹੀਂ ਪੁੱਜੇ। ਸਟੇਡੀਅਮ ਆਉਣ ਲਈ ਪ੍ਰੰਸਸਕਾਂ ਨੂੰ ਇਹ ਸਾਬਤ ਕਰਨਾ ਜ਼ਰੂਰੀ ਸੀ ਕਿ ਉਨ੍ਹਾਂ ਦਾ ਟੀਕਾਕਰਣ ਹੋ ਗਿਆ ਹੈ ਤੇ ਦੋ ਦਿਨ ਪਹਿਲਾਂ ਕੋਵਿਡ-19 ਜਾਂਚ ਵਿਚ ਉਹ ਨੈਗੇਟਿਵ ਰਹੇ ਹਨ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਮਾਰਾਕਾਨ ਸਟੇਡੀਅਮ ਵਿਚ ਕੋਪਾ ਅਮਰੀਕਾ ਟੂਰਨਾਮੈਂਟ ਦੇ ਫ਼ੈਸਲਾਕੁਨ ਮੈਚ ਵਿਚ 4500 ਪ੍ਰਸ਼ਸੰਕਾਂ ਨੇ ਹਿੱਸਾ ਲਿਆ ਸੀ। ਉਸ ਮੈਚ ਵਿਚ ਅਰਜਨਟੀਨਾ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾਇਆ ਸੀ।