ਸਾਲ 2020 ਦੀ 18 ਤੋਂ 30 ਜਨਵਰੀ ਤਕ ਅਸਾਮ ਵਿਚ ਹੋਣ ਵਾਲੇ 'ਖੇਲੋ ਇੰਡੀਆ' ਫੁੱਟਬਾਲ ਕੱਪ ਅੰਡਰ-21 'ਚ ਹਿੱਸਾ ਲੈਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 4 ਖਿਡਾਰੀ ਤੇ 3 ਖਿਡਾਰਨਾਂ ਨੂੰ ਚੁਣਿਆ ਗਿਆ ਹੈ।

ਯੂਨੀਵਰਸਿਟੀ ਦੇ ਮਾਣਮੱਤੇ ਖਿਡਾਰੀ

ਰੋਪੜ ਦਾ ਰਹਿਣ ਵਾਲਾ ਸਨਪ੍ਰੀਤ ਸਿੰਘ ਪਿਛਲੇ ਸਾਲ ਹੋਏ ਖੇਲੋ ਇੰਡੀਆ ਮੁਕਾਬਲਿਆਂ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਿਹਾ ਹੈ। ਇੰਡੀਅਨ ਫੁੱਟਬਾਲ ਲੀਗ ਵਿਚ ਖੇਡਣ ਵਾਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਰਣਬੀਰ ਸਿੰਘ ਵੀ ਇਸ ਵਾਰ ਖੇਲੋ ਇੰਡੀਆ 'ਚ ਆਪਣੀ ਖੇਡ ਦੇ ਜੌਹਰ ਵਿਖਾਵੇਗਾ। ਰਣਬੀਰ ਸਿੰਘ ਕਪੂਰਥਲਾ ਜ਼ਿਲ੍ਹੇ ਦਾ ਵਸਨੀਕ ਹੈ। ਇਸ ਤੋਂ ਇਲਾਵਾ ਪੰਜਾਬ ਦੀ ਟੀਮ ਦਾ ਹਿੱਸਾ ਰਹਿ ਚੁੱਕਾ ਚੇਤਨ ਵੀ ਖੇਲੋ ਇੰਡੀਆ ਲਈ ਟੀਮ ਦਾ ਹਿੱਸਾ ਬਣਿਆ ਹੈ। ਚੇਤਨ ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਵੱਲੋਂ ਸੰਤੋਸ਼ ਟਰਾਫੀ ਵਿਚ ਸਿਲਵਰ ਮੈਡਲ ਜਿੱਤ ਚੁੱਕਾ ਹੈ। ਉਹ ਦੋ ਵਾਰ ਪੰਜਾਬ ਦੀ ਫੁੱਟਬਾਲ ਟੀਮ ਦਾ ਹਿੱਸਾ ਬਣ ਚੁੱਕਾ ਹੈ। ਪਿਛਲੇ ਸਾਲ ਹੋਈ ਖੇਲੋ ਇੰਡੀਆ ਵਿਚ ਪੰਜਾਬ ਦੀ ਟੀਮ ਨੇ ਵੀ ਮੈਡਲ ਜਿੱਤਿਆ ਸੀ ਅਤੇ।ਭੁਪਿੰਦਰ ਸਿੰਘ ਵੀ ਮੈਡਲ ਜਿੱਤਣ ਵਾਲੀ ਇਸ ਟੀਮ ਦਾ ਹਿੱਸਾ ਸੀ। ਨਵਾਂਸ਼ਹਿਰ ਦੇ ਇਸ ਤੇਜ਼-ਤਰਾਰ ਖਿਡਾਰੀ ਨੂੰ ਇਸ ਵਾਰ ਵੀ ਖੇਲੋ ਇੰਡੀਆ ਟੀਮ ਲਈ ਮੁੜ ਚੁਣਿਆ ਗਿਆ ਹੈ। ਸੈਂਟਰ ਹਾਫ ਦੀ ਪੁਜ਼ੀਸ਼ਨ 'ਤੇ ਖੇਡਾਂ ਵਾਲਾ ਭੁਪਿੰਦਰ ਸਿੰਘ ਯੂਨੀਵਰਸਿਟੀ ਦੀ ਟੀਮ ਵੱਲੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿਚ ਵੀ ਕਲਾਤਮਿਕ ਖੇਡ ਦਾ ਪ੍ਰਦਰਸ਼ਨ ਕਰ ਚੁੱਕਾ ਹੈ।

ਇਹ ਸਾਰੇ ਖਿਡਾਰੀ ਕਈ ਸਾਲ ਦਲਬੀਰ ਫੁੱਟਬਾਲ ਅਕੈਡਮੀ ਦਾ ਹਿੱਸਾ ਰਹੇ ਹਨ ਤੇ ਅਕੈਡਮੀ ਵੱਲੋਂ ਭਾਰਤ ਦੇ ਨਾਮਵਰ ਫੁੱਟਬਾਲ ਟੂਰਨਾਮੈਂਟਾਂ 'ਚ ਹਿੱਸਾ ਲੈ ਚੁੱਕੇ ਹਨ। ਕੋਚ ਦਲਬੀਰ ਸਿੰਘ ਰੰਧਾਵਾ ਤੇ ਕੋਚ ਰਾਜਵੀਰ ਸਿੰਘ ਪਾਸੋਂ ਪ੍ਰਾਪਤ ਸਿਖਲਾਈ ਨੇ ਇਨ੍ਹਾਂ ਖਿਡਾਰੀਆਂ ਦੀ ਖੇਡ ਨੂੰ ਨਿਖਾਰਨ 'ਚ ਅਹਿਮ ਯੋਗਦਾਨ ਪਾਇਆ ਹੈ।

ਖਿਡਾਰਨਾਂ ਤੋਂ ਵੱਡੀਆਂ ਆਸਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਤਿੰਨ ਕਾਬਲ ਖਿਡਾਰਨਾਂ ਵੀ ਖੇਲੋਂ ਇੰਡੀਆ ਵਿਚ ਹਿੱਸਾ ਲੈ ਰਹੀਆਂ ਹਨ। ਇਹ ਖਿਡਾਰਨਾਂ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਤਿੰਨੋਂ ਖਿਡਾਰਨਾਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਮੁਕਾਬਲਿਆਂ 'ਚ ਵੀ ਹਿੱਸਾ ਲੈ ਚੁੱਕੀਆਂ। ਖੇਲੋ ਇੰਡੀਆ 'ਚ ਸ਼ਾਮਲ ਇਹ ਤਿੰਨੇ ਖਿਡਾਰਨਾਂ, ਲਵਪ੍ਰੀਤ ਕੌਰ, ਸੰਦੀਪ ਕੌਰ ਤੇ ਮਨਪ੍ਰੀਤ ਕੌਰ ਇੰਟਰ ਯੂਨੀਵਰਸਿਟੀ ਖੇਡਾਂ 'ਚ ਆਪਣੇ ਖੇਡ ਹੁਨਰ ਦਾ ਜ਼ਬਰਦਸਤ ਪ੍ਰਗਟਾਵਾ ਕਰ ਕੇ ਆਪਣੀ ਕਾਬਲੀਅਤ ਵਿਖਾ ਚੁੱਕੀਆਂ ਹਨ। ਖੇਲੋ ਇੰਡੀਆ ਲਈ ਹੋਈ ਚੋਣ ਸਬੰਧੀ ਯੂਨੀਵਰਸਿਟੀ ਦੇ ਖੇਡ ਅਧਿਕਾਰੀ ਡਾ. ਦਲਬੀਰ ਸਿੰਘ ਰੰਧਾਵਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਅਤੇ ਖਿਡਾਰਨਾਂ ਨੇ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਬਹੁਤ ਸਾਰੀਆਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਅਤੇ ਪੂਰਾ ਵਿਸ਼ਵਾਸ ਹੈ ਕਿ ਖੇਲੋ ਇੰਡੀਆ ਵਿਚ ਵੀ ਇਹ ਸਾਰੇ ਖਿਡਾਰੀ ਆਸਾਂ 'ਤੇ ਖਰੇ ਉਤਰਨਗੇ।

- ਗੁਰਨਿੰਦਰ ਸਿੰਘ ਧਨੌਲਾ

97792-07572

Posted By: Harjinder Sodhi