ਪੀਟੀਆਈ, ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਵਿਸ਼ਵ ਪੱਧਰੀ ਡਾ. ਕਰਣੀ ਸਿੰਘ ਸ਼ੁਟਿੰਗ ਰੇਂਜ 'ਤੇ 15 ਤੋਂ 26 ਮਾਰਚ ਤਕ ਹੋਣ ਵਾਲੇ ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਰਾਈਫਲ, ਪਿਸਟਲ, ਸ਼ਾਟਗੰਨ ਤੋਂ 6 ਦੇਸ਼ ਬਾਹਰ ਹੋ ਗਏ ਹਨ। ਇਨ੍ਹਾਂ ਦੇ ਪਿੱਛੇ ਹਟਣ ਦਾ ਕਾਰਨ ਚੀਨ ਵਿਚ ਫੈਲਿਆ ਕੋਰੋਨਾ ਵਾਇਰਸ ਹੈ।

ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਰਣਇੰਦਰ ਸਿੰਘ ਨੇ ਦੱਸਿਆ ਕਿ ਕਰਣੀ ਸਿੰਘ ਸ਼ੂਟਿੰਗ ਰੇਂਜ 'ਤੇ ਹੋਣ ਵਾਲੇ ਵਿਸ਼ਵ ਕੱਪ ਵਿਚੋਂ 6 ਦੇਸ਼ ਕੋਰੋਨਾ ਵਾਇਰਸ ਕਾਰਨ ਹੱਟ ਗਿਆ ਹੈ ਜਦਕਿ ਪਾਕਿਸਤਾਨ ਦੇ ਨਿਸ਼ਾਨੇਬਾਜ਼ਾਂ ਨੇ ਖੁਦ ਹੀ ਇਸ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈਣ ਦਾ ਫੈਸਲਾ ਕੀਤਾ ਗਿਆ ਹੈ। ਮੁਕਾਬਲੇ ਵਿਚ ਕੁਲ 80 ਦੇਸ਼ਾਂ ਨੂੰ ਹਿੱਸਾ ਲੈਣਾ ਸੀ ਪਰ ਚੀਨ, ਤਾਇਵਾਨ, ਹਾਂਗਕਾਂਗ, ਮਕਾਊ, ਉਤਰ ਕੋਰੀਆ ਅਤੇ ਤੁਰਕਮੇਨੀਸਤਾਨ ਕੋਰੋਨਾ ਵਾਇਰਸ ਕਾਰਨ ਇਸ ਮੁਕਾਬਲੇ ਵਿਚੋਂ ਹੱਟ ਗਏ ਹਨ, ਜਦਕਿ ਪਾਕਿਸਤਾਨ ਦੇ ਦੋ ਨਿਸ਼ਾਨੇਬਾਜ਼ਾਂ ਨੇ ਖੁਦ ਹੀ ਵਿਸ਼ਵ ਕੱਪ ਵਿਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਰਣਇੰਦਰ ਨੇ ਦੱਸਿਆ ਕਿ ਐਨਆਰਏਆਈ ਨੇ ਜਾਪਾਨ ਵਿਚ ਹੋਣ ਵਾਲੇ ਟੈਸਟ ਇਵੈਂਟ ਲਈ ਭਾਰਤੀ ਟੀਮ ਚੁਣੀ ਹੈ ਪਰ ਪਰਸਥਿਤੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਇਸ ਟੀਮ ਨੂੰ ਜਾਪਾਨ ਭੇਜਿਆ ਜਾਵੇਗਾ। ਜਾਪਾਨ ਵਿਚ ਇਸ ਸਾਲ ਟੋਕੀਓ ਓਲੰਪਿਕ ਕਰਵਾਇਆ ਜਾ ਰਿਹਾ ਹੈ ਅਤੇ ਕੋਰੋਨਾ ਕਾਰਨ ਓਲੰਪਿਕ 'ਤੇ ਵੀ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਨਿਸ਼ਾਨੇਬਾਜ਼ੀ ਟੀਮਾਂ ਨੂੰ ਇਸ ਵਾਰ ਵਿਦੇਸ਼ਾਂ ਵਿਚ ਟ੍ਰੇਨਿੰਗ ਲਈ ਨਹੀਂ ਭੇਜਿਆ ਜਾਵੇਗਾ ਕਿਉਂਕਿ ਖਿਡਾਰੀਆਂ ਦੀ ਸਿਹਤ ਉਨ੍ਹਾਂ ਦੀ ਪਹਿਲ ਹੈ।

ਇਸ ਮੌਕੇ ਮੌਜੂਦ ਤਜਰਬੇਕਾਰ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਅਤੇ ਨੌਜਵਾਨ ਨਿਸ਼ਾਨੇਬਾਜ਼ ਮਨੁ ਭਾਕਰ ਨੇ ਕਿਹਾ ਕਿ ਕੋਰੋਨਾ ਨੇ ਉਨ੍ਹਾਂ ਨੂੰ ਮਾਨਸਿਕ ਰੂਪ ਵਿਚ ਬਿਲਕੁਲ ਵੀ ਪ੍ਰਭਾਵਿਤ ਨਹੀਂ ਕੀਤਾ ਅਤੇ ਉਨ੍ਹਾਂ ਦਾ ਪੂਰਾ ਧਿਆਨ ਆਪਣੇ ਦੇਸ਼ ਲਈ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ 'ਤੇ ਲੱਗਾ ਹੋਇਆ ਹੈ। ਰਣਇੰਦਰ ਸਿੰਘ ਨੇ ਦੱਸਿਆ ਕਿ ਕਰਣੀ ਸਿੰਘ ਸ਼ੂਟਿੰਗ ਰੇਂਜ 'ਤੇ ਵਿਸ਼ਵ ਕੱਪ ਦਾ ਉਦਘਾਟਨ ਸਮਾਰੋਹ 16 ਮਾਰਚ ਨੂੰ ਹੋਵੇਗਾ।

Posted By: Tejinder Thind