ਲੰਡਨ (ਏਪੀ) : ਇੰਗਲੈਂਡ ਨੇ ਹੈਰੀ ਮੈਗੁਏਰ, ਜਾਡਾਨ ਸਾਂਚੋ ਤੇ ਡੋਮੀਨਿਕ ਕਲੇਵਰਟ-ਲੇਵਿਨ ਦੇ ਗੋਲਾਂ ਦੀ ਮਦਦ ਨਾਲ ਆਇਰਲੈਂਡ ਨੂੰ ਦੋਸਤਾਨਾ ਫੁੱਟਬਾਲ ਮੈਚ ਵਿਚ 3-0 ਨਾਲ ਮਾਤ ਦਿੱਤੀ। ਵੇਂਬਲੇ ਸਟੇਡੀਅਮ ਵਿਚ ਦਰਸ਼ਕਾਂ ਤੋਂ ਬਿਨਾਂ ਖੇਡੇ ਗਏ ਇਸ ਮੈਚ ਵਿਚ ਬੋਰੂਸੀਆ ਡਾਰਟਮੰਡ ਵੱਲੋਂ ਖੇਡਣ ਵਾਲੇ 17 ਸਾਲਾ ਮਿਡਫੀਲਡਰ ਜੂਡ ਬੇਲਿੰਗਮ ਨੇ ਦੂਜੇ ਅੱਧ ਵਿਚ ਬਦਲਵੇਂ ਖਿਡਾਰੀ ਦੇ ਰੂਪ ਵਿਚ ਉਤਰ ਕੇ ਇੰਗਲੈਂਡ ਵੱਲੋਂ ਸ਼ੁਰੂਆਤ ਵੀ ਕੀਤੀ। ਹੈਰੀ ਕੇਨ ਨੂੰ ਆਰਾਮ ਦੇਣ ਕਾਰਨ ਮੈਗੂਏਰ ਨੇ ਯੂਨਾਨ ਵਿਚ ਇਕ ਕਾਨੂੰਨੀ ਮਾਮਲੇ ਵਿਚ ਫਸਣ 'ਤੇ ਟੀਮ 'ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੀ ਕਪਤਾਨੀ ਕੀਤੀ। ਮਾਨਚੈਸਟਰ ਯੂਨਾਈਟਿਡ ਦੇ ਡਿਫੈਂਡਰ ਨੇ 18ਵੇਂ ਮਿੰਟ ਵਿਚ ਹੈਰੀ ਵਿੰਕਸ ਦੇ ਕ੍ਰਾਸ 'ਤੇ ਹੈਡਰ ਨਾਲ ਇੰਗਲੈਂਡ ਵੱਲੋਂ ਆਪਣਾ ਦੂਜਾ ਗੋਲ ਕੀਤਾ। ਉਨ੍ਹਾਂ ਨੇ ਆਪਣਾ ਪਹਿਲਾ ਗੋਲ ਵਿਸ਼ਵ ਕੱਪ 2018 ਵਿਚ ਕੀਤਾ ਸੀ। ਸਾਂਚੋ ਨੇ 31ਵੇਂ ਮਿੰਟ ਵਿਚ ਬੜ੍ਹਤ ਦੁੱਗਣੀ ਕੀਤੀ ਜਦਕਿ ਕਲੇਵਰਟ-ਲੇਵਿਨ ਨੇ 56ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲਿਆ।