ਲਾ ਪਾਜ (ਏਪੀ) : ਬੋਲੀਵੀਆ ਦੇ ਜਾਂਚ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਦੌਰਾਨ ਦੇਸ਼ ਦੀ ਫੁੱਟਬਾਲ ਫੈਡਰੇਸ਼ਨ ਦੇ ਆਰਜ਼ੀ ਪ੍ਰਧਾਨ ਨੂੰ ਭਿ੍ਸ਼ਟਾਚਾਰ ਦੇ ਦੋਸ਼ ਵਿਚ ਗਿ੍ਫ਼ਤਾਰ ਕਰ ਲਿਆ ਹੈ। ਮਾਰਕੋਸ ਰਾਡਰਿਗਜ਼ ਨੂੰ ਲਾ ਪਾਜ ਵਿਚ ਹਰਨਾਂਡੋ ਸਿਲੇਸ ਸਟੇਡੀਅਮ ਤੋਂ ਗਿ੍ਫ਼ਤਾਰ ਕੀਤਾ ਗਿਆ ਜਿੱਥੇ ਬੋਲੀਵੀਆ ਮੈਚ ਖੇਡ ਰਿਹਾ ਸੀ। ਇਕਵਾਡੋਰ ਨੇ ਇਸ ਮੈਚ ਵਿਚ ਬੋਲੀਵੀਆ ਨੂੰ 3-2 ਨਾਲ ਹਰਾਇਆ। ਸਥਾਨਕ ਮੀਡੀਆ ਨੇ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਅੱਧੇ ਸਮੇਂ ਦੌਰਾਨ ਪੁਲਿਸ ਮੁਲਾਜ਼ਮ ਰਾਡਰਿਗਜ਼ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਨ। ਬੋਲੀਵੀਆ ਫੁੱਟਬਾਲ ਫੈਡਰੇਸ਼ਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਰੋਲੈਂਡੋ ਆਰਮਾਇਓ ਨੇ ਰੇਡੀਓ ਫਿਡੇਸ ਤੋਂ ਗਿ੍ਫ਼ਤਾਰੀ ਦੀ ਪੁਸ਼ਟੀ ਕੀਤੀ। ਫੈਡਰੇਸ਼ਨ ਦੇ ਪ੍ਰਧਾਨ ਸੀਜਰ ਸੇਲਿਨਾਸ ਦੀ ਜੁਲਾਈ ਵਿਚ ਕੋਵਿਡ-19 ਕਾਰਨ ਮੌਤ ਤੋਂ ਬਾਅਦ ਰਾਡਰਿਗਜ਼ ਨੂੰ ਆਰਜ਼ੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।